ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਪ੍ਰਵਾਸੀਆਂ ਪ੍ਰਤੀ ਸਖ਼ਤ ਨੀਤੀ ਅਪਣਾਈ ਹੋਈ ਹੈ। ਹੁਣ ਟਰੰਪ ਪ੍ਰਸ਼ਾਸਨ ਨੇ ਛੇ ਹਜ਼ਾਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਸਖ਼ਤ ਕਦਮ ਚੁੱਕਿਆ ਹੈ। ਦਰਅਸਲ ਅਮਰੀਕੀ ਸਰਕਾਰ ਨੇ ਇਨ੍ਹਾਂ 6000 ਜ਼ਿੰਦਾ ਪ੍ਰਵਾਸੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸਮਾਜਿਕ ਸੁਰੱਖਿਆ ਨੰਬਰ ਰੱਦ ਕਰ ਦਿੱਤੇ ਹਨ। ਇਸਦਾ ਪ੍ਰਭਾਵ ਇਹ ਹੋਵੇਗਾ ਕਿ ਇਹ ਲੋਕ ਨਾ ਤਾਂ ਅਮਰੀਕਾ ਵਿੱਚ ਕੰਮ ਕਰ ਸਕਣਗੇ ਅਤੇ ਨਾ ਹੀ ਸਿਹਤ ਸੇਵਾਵਾਂ ਦਾ ਲਾਭ ਲੈ ਸਕਣਗੇ। ਬੈਂਕ ਖਾਤਾ ਖੋਲ੍ਹਣ ਵਿੱਚ ਵੀ ਸਮੱਸਿਆਵਾਂ ਆਉਣਗੀਆਂ। ਦਰਅਸਲ ਸਰਕਾਰ ਚਾਹੁੰਦੀ ਹੈ ਕਿ ਨਿਰਾਸ਼ ਪ੍ਰਵਾਸੀ ਆਪਣੇ ਆਪ ਅਮਰੀਕਾ ਛੱਡ ਕੇ ਆਪਣੇ-ਆਪਣੇ ਦੇਸ਼ਾਂ ਨੂੰ ਵਾਪਸ ਚਲੇ ਜਾਣ।
ਪ੍ਰਵਾਸੀਆਂ ਦੀ ਵਧੀ ਮੁਸ਼ਕਲ
ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੀ.ਬੀ.ਪੀ ਵਨ ਐਪ ਪ੍ਰੋਗਰਾਮ ਤਹਿਤ ਇਨ੍ਹਾਂ ਪ੍ਰਵਾਸੀਆਂ ਨੂੰ ਅਸਥਾਈ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੋਣ ਅਤੇ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ। ਇਨ੍ਹਾਂ ਪ੍ਰਵਾਸੀਆਂ ਨੂੰ ਸਮਾਜਿਕ ਸੁਰੱਖਿਆ ਨੰਬਰ ਵੀ ਦਿੱਤੇ ਗਏ ਸਨ ਤਾਂ ਜੋ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਉਠਾ ਸਕਣ। ਪਰ ਹੁਣ ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਸਮਾਜਿਕ ਸੁਰੱਖਿਆ ਨੰਬਰਾਂ ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਪ੍ਰਵਾਸੀਆਂ ਲਈ ਬੈਂਕਾਂ ਅਤੇ ਹੋਰ ਬੁਨਿਆਦੀ ਸੇਵਾਵਾਂ ਦੀ ਵਰਤੋਂ ਕਰਨਾ ਮੁਸ਼ਕਲ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨੂੰ ਅਮਰੀਕਾ ਵਿੱਚ ਪ੍ਰਵਾਸੀਆਂ ‘ਤੇ ਸ਼ਿਕੰਜਾ ਕੱਸਣ ਦੀ ਯੋਜਨਾ ਦਾ ਹਿੱਸਾ ਵੀ ਮੰਨਿਆ ਜਾ ਰਿਹਾ ਹੈ।
ਜਾਣੋ ਸੀ.ਬੀ.ਪੀ ਵਨ ਐਪ ਪ੍ਰੋਗਰਾਮ ਬਾਰੇ
ਬਾਈਡੇਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਸਰਹੱਦ ਪਾਰ ਕਰਨ ਅਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸੀ.ਬੀ.ਪੀ ਵਨ ਐਪ ਲਾਂਚ ਕੀਤੀ। ਇਸ ਰਾਹੀਂ ਬਾਈਡੇਨ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਕਾਨੂੰਨੀ ਮਾਨਤਾ ਦੇਣ ਦੀ ਕੋਸ਼ਿਸ਼ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਦਸੰਬਰ ਦੇ ਅੰਤ ਤੱਕ ਮੈਕਸੀਕੋ ਨਾਲ ਲੱਗਦੇ ਸਰਹੱਦੀ ਕ੍ਰਾਸਿੰਗਾਂ ‘ਤੇ ਸੀ.ਬੀ.ਪੀ ਵਨ ਅਪੌਇੰਟਮੈਂਟ ਨਾਲ 936,500 ਲੋਕਾਂ ਨੂੰ ਦਾਖਲੇ ਦੀ ਆਗਿਆ ਦਿੱਤੀ ਗਈ ਸੀ। ਇਸ ਵਿੱਚ ਪ੍ਰਵਾਸੀਆਂ ਨੂੰ ਬਾਇਓਮੈਟ੍ਰਿਕ ਪਛਾਣ ਰਾਹੀਂ ਦੋ ਸਾਲਾਂ ਲਈ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਸਹੂਲਤ ਦਿੱਤੀ ਗਈ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਸੀ.ਬੀ.ਪੀ ਵਨ ਐਪ ਰਾਹੀਂ ਐਂਟਰੀ ਬੰਦ ਕਰ ਦਿੱਤੀ।