ਨੈਸ਼ਨਲ ਟਾਈਮਜ਼ ਬਿਊਰੋ :- ਤਪਾ-ਢਿਲਵਾਂ ਰੋਡ ‘ਤੇ ਇਕ ਦਰਦਨਾਕ ਹਾਦਸਾ ਹੋਇਆ ਜਿੱਥੇ ਵਿਸਾਖੀ ਦਾ ਮੇਲਾ ਲਾਕੇ ਵਾਪਸ ਆ ਰਹੀਆਂ ਰੇਹੜੀਆਂ ਨੂੰ ਇਕ ਤੇਜ਼ ਰਫਤਾਰ ਬਲੈਰੋ ਨੇ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਇਕ ਕੁਲਚੀ ਵਾਲੇ ਰਾਜੂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚੂੜੀਆਂ ਵੇਚਣ ਵਾਲਾ ਪੱਪੂ ਅਤੇ ਬਲੈਰੋ ਚਲਾਉਣ ਵਾਲਾ ਮਿੰਟੂ ਸਿੰਘ ਗੰਭੀਰ ਜ਼ਖ਼ਮੀ ਹੋ ਗਏ।ਇਹ ਹਾਦਸਾ ਬੀਤੀ ਸ਼ਾਮ ਢਿਲਵਾਂ ਪਿੰਡ ਨੇੜੇ ਹੋਇਆ। ਰਾਜੂ ਅਤੇ ਪੱਪੂ ਆਪਣੀ-ਆਪਣੀ ਰੇਹੜੀ ਲੈ ਕੇ ਮੇਲੇ ਤੋਂ ਵਾਪਸ ਆ ਰਹੇ ਸਨ, ਜਦ ਉਹ ਇਕ ਨਿੱਜੀ ਸਕੂਲ ਕੋਲ ਪਹੁੰਚੇ ਤਾਂ ਇਕ ਤੇਜ਼ ਰਫਤਾਰ ਬਲੈਰੋ ਨੇ ਦੋਵਾਂ ਨੂੰ ਭੰਨ ਦਿੱਤਾ। ਟੱਕਰ ਇੰਨੀ ਤੇਜ਼ ਸੀ ਕਿ ਰੇਹੜੀਆਂ ਚੱਕਨਾਚੂਰ ਹੋ ਗਈਆਂ, ਸਾਰਾ ਸਾਮਾਨ ਵੀ ਰਸਤੇ ‘ਚ ਵਿਖਰ ਗਿਆ।
ਟਕਰਾਅ ‘ਚ ਰਾਜੂ ਨੂੰ ਗੰਭੀਰ ਚੋਟਾਂ ਆਈਆਂ, ਜਿਨ੍ਹਾਂ ਕਾਰਨ ਉਸ ਨੇ ਹਸਪਤਾਲ ‘ਚ ਦਮ ਤੋੜ ਦਿੱਤਾ। ਰਾਜੂ ਪਿੱਛੇ ਆਪਣੀ ਦਿਵਿਆਂਗ ਪਤਨੀ ਨੂੰ ਛੱਡ ਗਿਆ ਹੈ। ਦੋਹਾਂ ਜ਼ਖ਼ਮੀਆਂ ਨੂੰ ਪਹਿਲਾਂ ਤਪਾ ਹਸਪਤਾਲ ਲਿਜਾਇਆ ਗਿਆ ਸੀ, ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਦੇ ਏਮਜ਼ ਰੈਫਰ ਕਰਨਾ ਪਿਆ।ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮਿੰਨੀ ਸਹਾਰਾ ਕਲੱਬ ਦੇ ਵਰਕਰ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਦੀ ਮਦਦ ਕੀਤੀ। ਪੁਲਿਸ ਵੱਲੋਂ ਕਿਹਾ ਗਿਆ ਕਿ ਪਰਿਵਾਰ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਅਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
