ਨੈਸ਼ਨਲ ਟਾਈਮਜ਼ ਬਿਊਰੋ :- ਤਰਨਤਾਰਨ ਦੇ ਪਿੰਡ ਘਰਿਆਲੀ ਦਾਸੂਵਾਲ ‘ਚ ਹੋਈ ਭਾਰੀ ਮੀਂਹ, ਹਨੇਰੀ, ਝੱਖੜ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਪਿੰਡ ਵਾਸੀ ਹਰਦਿਆਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਹੋਈ ਗੜ੍ਹੇਮਾਰੀ ਕਾਰਨ ਕਣਕ ਦੀ ਫ਼ਸਲ ਦੀ ਐਨੀ ਹਾਨੀ ਹੋਈ ਹੈ ਕਿ ਹੁਣ ਤਾ ਇਹ ਵਿਚੋਂ ਘਰ ਵਰਤੋਂ ਜੋਗੇ ਦਾਣੇ ਵੀ ਨਿਕਲਣ ਮੁਸ਼ਕਿਲ ਹਨ।ਉਨ੍ਹਾਂ ਦੱਸਿਆ ਕਿ ਕਈ ਕਿਸਾਨਾਂ ਨੇ ਅਜੇ ਕਣਕ ਵੱਢੀ ਵੀ ਨਹੀਂ ਸੀ, ਪਰ ਹੁਣ ਜਿਹੜੀ ਫ਼ਸਲ ਖੇਤਾਂ ‘ਚ ਖੜੀ ਸੀ, ਉਹ ਵੀ ਨਸ਼ਟ ਹੋ ਗਈ ਹੈ। ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।ਮੌਜੂਦਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ 470 ਕਿਲਿਆਂ ਦਾ ਸਾਰਾ ਰਕਬਾ ਖ਼ਰਾਬ ਹੋ ਚੁੱਕਾ ਹੈ। ਉਨ੍ਹਾਂ ਅੰਦਾਜ਼ਾ ਲਾਇਆ ਕਿ ਲਗਭਗ 95 ਫ਼ੀਸਦੀ ਫ਼ਸਲ ਨਸ਼ਟ ਹੋ ਚੁੱਕੀ ਹੈ। ਸਰਪੰਚ ਮੁਤਾਬਕ ਗੜ੍ਹੇਮਾਰੀ ਲਗਾਤਾਰ 10 ਮਿੰਟ ਤਕ ਚਲਦੀ ਰਹੀ।ਸਰਪੰਚ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਪਟਵਾਰੀ ਤੇ ਕਾਨਗੋ ਨਾਲ ਗੱਲ ਕੀਤੀ ਹੈ, ਪਰ ਹਾਲੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਮੌਕੇ ‘ਤੇ ਦੌਰਾ ਨਹੀਂ ਕੀਤਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਫ਼ੌਰੀ ਤੌਰ ‘ਤੇ ਮੁਆਵਜ਼ਾ ਦਿੱਤਾ ਜਾਵੇ।
ਤਰਨਤਾਰਨ: ਪਿੰਡ ਘਰਿਆਲੀ ਦਾਸੂਵਾਲ ‘ਚ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਤਬਾਹ, ਸਰਕਾਰ ਤੋਂ ਮਦਦ ਦੀ ਮੰਗ
