ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੇ ਉਸ ਬਿਆਨ ਨੂੰ ਸਖ਼ਤ ਤੌਰ ‘ਤੇ ਰੱਦ ਕਰ ਦਿੱਤਾ ਜਿਸ ਵਿੱਚ ਪੱਛਮੀ ਬੰਗਾਲ ਵਿੱਚ ਮੁਸਲਿਮ ਘੱਟਗਿਣਤੀ ਨੂੰ ਸੁਰੱਖਿਆ ਦਿਓਣ ਦੀ ਮੰਗ ਕੀਤੀ ਗਈ ਸੀ। ਭਾਰਤ ਨੇ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਬੰਗਲਾਦੇਸ਼ ਪਹਿਲਾਂ ਆਪਣੀ ਘੱਟਗਿਣਤੀ ਦੀ ਹਾਲਤ ‘ਤੇ ਧਿਆਨ ਦੇਵੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਬਿਆਨ ਬਿਲਕੁਲ ਅਣਉਚਿਤ ਹੈ। ਇਹ ਮੁਰਸ਼ਿਦਾਬਾਦ ਹਿੰਸਾ ਨੂੰ ਲੈ ਕੇ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਹੈ। ਜੈਸਵਾਲ ਨੇ ਕਿਹਾ ਕਿ ਇਹ ਬੇਬੁਨਿਆਦ ਟਿੱਪਣੀਆਂ ਕਰਨ ਦੀ ਥਾਂ, ਬੰਗਲਾਦੇਸ਼ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ਦੀਆਂ ਘੱਟਗਿਣਤੀਆਂ ਦੀ ਹਮਾਇਤ ਤੇ ਹਿਫ਼ਾਜ਼ਤ ਕਰੇ। ਦੂਜੇ ਪਾਸੇ, ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਦੇ ਪ੍ਰੈੱਸ ਸਕੱਤਰ ਨੇ ਭਾਰਤ ਤੇ ਇਹ ਦੋਸ਼ ਲਾਇਆ ਸੀ ਕਿ ਉਹ ਮੁਰਸ਼ਿਦਾਬਾਦ ਹਿੰਸਾ ਨਾਲ ਬੰਗਲਾਦੇਸ਼ ਨੂੰ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਗੌਰਤਲਬ ਹੈ ਕਿ ਵਕ਼ਫ਼ ਐਕਟ ਵਿਚ ਸੋਧ ਦੇ ਖਿਲਾਫ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ‘ਚ ਹਿੰਸਾ ਹੋਈ ਸੀ, ਜਿਸ ‘ਚ ਅੱਗਜ਼ਨੀ, ਪੱਥਰਬਾਜ਼ੀ ਅਤੇ ਰੋਡ ਜਾਮ ਦੀਆਂ ਘਟਨਾਵਾਂ ਵਾਪਰੀਆਂ।
ਭਾਰਤ ਨੇ ਬੰਗਲਾਦੇਸ਼ ਦੇ ਬਿਆਨ ਨੂੰ ਰੱਦ ਕੀਤਾ, ਕਿਹਾ– ਪਹਿਲਾਂ ਆਪਣੀਆਂ ਘੱਟਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਓ
