ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ETO ਨੇ ਹਿਮਾਚਲ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਵੱਲੋਂ ਸ਼ਾਨਨ ਪਾਵਰ ਪ੍ਰੋਜੈਕਟ ਸਬੰਧੀ ਦਿੱਤੇ ਗਏ ਬਿਆਨ ਨੂੰ ਗਲਤ ਦੱਸਦਿਆਂ ਕਿਹਾ ਹੈ ਕਿ ਇਹ ਪ੍ਰੋਜੈਕਟ ਪੰਜਾਬ ਰਾਜ ਦੀ ਮਲਕੀਅਤ ਹੈ ਅਤੇ ਹਿਮਾਚਲ ਸਰਕਾਰ ਦਾ ਇਸ ਉੱਤੇ ਕੋਈ ਹੱਕ ਨਹੀਂ। ਉਨ੍ਹਾਂ ਅਗਨੀਹੋਤਰੀ ਦੇ ਬਿਆਨ ਨੂੰ ਤੱਥਾਂ ਤੋਂ ਪਰੇ ਅਤੇ ਦੋ ਰਾਜਾਂ ਦੇ ਰਿਸ਼ਤੇ ਖਰਾਬ ਕਰਨ ਵਾਲਾ ਦੱਸਿਆ।
ਬਿਜਲੀ ਮੰਤਰੀ ਨੇ ਸਾਫ ਕੀਤਾ ਕਿ 1966 ਵਿੱਚ ਪੰਜਾਬ ਰੀਆਰਗਨਾਈਜੇਸ਼ਨ ਐਕਟ ਤਹਿਤ, ਭਾਰਤ ਸਰਕਾਰ ਨੇ 1967 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਸ਼ਾਨਨ ਸਮੇਤ ਹੋਰ ਪਾਵਰ ਪ੍ਰੋਜੈਕਟਾਂ ਦੀ ਮਲਕੀਅਤ ਪੰਜਾਬ ਨੂੰ ਦਿੱਤੀ ਸੀ। ਇਹ ਜਾਇਦਾਦ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਅਧੀਨ ਸੀ, ਜੋ ਹੁਣ PSPCL ਵੱਲੋਂ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਕਈ ਵਾਰ ਇਹ ਮਾਮਲਾ ਉਠਾਇਆ ਗਿਆ ਪਰ ਹਰ ਵਾਰੀ ਭਾਰਤ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਇਹ ਪ੍ਰੋਜੈਕਟ ਪੰਜਾਬ ਦਾ ਹੀ ਹੈ। 1972 ਅਤੇ 1987 ਵਿੱਚ ਵੀ ਕੇਂਦਰ ਵੱਲੋਂ ਇਹ ਗੱਲ ਰੱਦ ਕੀਤੀ ਗਈ ਕਿ ਸ਼ਾਨਨ ’ਤੇ ਹਿਮਾਚਲ ਦਾ ਕੋਈ ਦਾਅਵਾ ਬਣਦਾ ਹੈ।
ਬਿਜਲੀ ਮੰਤਰੀ ਨੇ ਇਹ ਵੀ ਦੱਸਿਆ ਕਿ ਮੰਡੀ ਦੇ ਰਾਜੇ ਅਤੇ ਅੰਗਰੇਜ਼ ਸਰਕਾਰ ਵਿਚਕਾਰ 1925 ਵਿੱਚ ਜੋ ਸਮਝੌਤਾ ਹੋਇਆ ਸੀ, ਉਸ ਤਹਿਤ ਇਹ ਪ੍ਰੋਜੈਕਟ ਬਣਿਆ ਸੀ, ਜੋ 1932 ਵਿੱਚ ਤਿਆਰ ਹੋਇਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਹਿਮਾਚਲ ਦੇ ਹਰੇਕ ਜ਼ਿਲ੍ਹੇ ਦਾ ਪੰਜਾਬ ਨਾਲ ਸਬੰਧ ਸੀ।
ਉਨ੍ਹਾਂ ਸਿੱਧਾ ਕਿਹਾ ਕਿ ਅਗਨੀਹੋਤਰੀ ਮਨਘੜਤ ਗੱਲਾਂ ਕਰਕੇ ਲੋਕਾਂ ਨੂੰ ਭਰਮਿਤ ਕਰ ਰਹੇ ਹਨ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਹਿਮਾਚਲ ਸਰਕਾਰ ਨੇ 2023 ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸ਼ਾਨਨ ਪ੍ਰੋਜੈਕਟ ਹਵਾਲੇ ਕਰਨ ਦੀ ਮੰਗ ਕੀਤੀ ਸੀ, ਜਿਸ ’ਤੇ ਹੁਣ ਪੰਜਾਬ ਸਰਕਾਰ ਵੱਲੋਂ ਉੱਚ ਅਦਾਲਤ ਵਿੱਚ ਕੇਸ ਕੀਤਾ ਗਿਆ ਹੈ।
ਸ. ਹਰਭਜਨ ਸਿੰਘ ਨੇ ਅੰਤ ਵਿੱਚ ਕਿਹਾ ਕਿ ਮਾਮਲਾ ਹੁਣ ਕੋਰਟ ਵਿਚ ਹੈ, ਇਸ ਲਈ ਹਿਮਾਚਲ ਦੇ ਆਗੂਆਂ ਨੂੰ ਝੂਠੇ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ।