ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਚ ਲੰਘੀ ਸ਼ਾਮ ਆਏ ਹਨੇਰੀ ਅਤੇ ਝੱਖੜ ਤੋਂ ਬਾਅਦ ਪਏ ਤੇਜ ਮੀਂਹ ਕਾਰਨ ਇਕ ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿਚ ਫਸਲਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ, ਜਿਸ ਨਾਲ ਸੂਬੇ ਦੇ ਕਿਸਾਨਾਂ ਨੂੰ ਕੁਦਰਤੀ ਮਾਰ ਪਈ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਕਈ ਥਾਵਾਂ ਤੇ ਬਿਜਲੀ ਦੇ ਖੰਭੇ ਟੁੱਟਣ ਕਰਕੇ ਵੀ ਬਿਜਲੀ ਵਿਭਾਗ ਦਾ ਵੀ ਕਾਫ਼ੀ ਨੁਕਸਾਨ ਸਾਹਮਣੇ ਆਇਆ ਹੈ।
ਬੇਮੌਸਮੇ ਮੀਂਹ ਅਤੇ ਝੱਖੜ ਕਰਕੇ ਜਿਲ੍ਹਾ ਫਰੀਦਕੋਟ ਵਿਚ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਗਿਰਦਾਵਰੀ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਸ੍ਰੀ ਸੰਧਵਾ ਨੇ ਆਪਣੇ ਐਕਸ ਅਕਾਊਂਟ ਤੇ ਲਿਖਿਆ, ‘‘ਮੌਸਮ ਦੇ ਵਿਗਾੜ ਸਦਕਾ ਜਿਲ੍ਹਾ ਫਰੀਦਕੋਟ ਦੇ ਕਾਫ਼ੀ ਪਿੰਡਾਂ ਚ ਕਣਕ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਇਸ ਤੋਂ ਇਲਾਵਾ ਦੇਵੀ ਵਾਲਾ ਦੇ ਨੇੜੇ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਲਈ ਡੀਸੀ ਫਰੀਦਕੋਟ ਨੂੰ ਕਿਹਾ ਗਿਆ ਹੈ, ਗੁਰੂ ਸਾਹਿਬ ਪੱਕਿਆਂ ਫ਼ਸਲਾਂ ਤੇ ਮਿਹਰ ਕਰਨ।’’ ਇਸ ਦੌਰਾਨ ਉਨ੍ਹਾਂ ਸਾਰੇ ਕਿਸਾਨਾਂ ਭਰਾਵਾਂ ਨੂੰ ਵੀ ਜਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
