18 ਏਕੜ ਕਣਕ ਦੀ ਫਸਲ ਅੱਗ ਲੱਗਣ ਕਾਰਨ ਸੜਕੇ ਸੁਆਹ

ਮਾਛੀਵਾੜਾ ਸਾਹਿਬ : ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਚੌਂਤਾ ਵਿਖੇ ਅੱਗ ਲੱਗਣ ਕਾਰਨ ਕਰੀਬ 18 ਏਕੜ ਪੱਕ ਕੇ ਤਿਆਰ ਖੜੀ ਫਸਲ ਸੜਕੇ ਸੁਆਹ ਹੋ ਗਈ ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਇਆ। ਮੌਕੇ ’ਤੇ ਮੌਜੂਦ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਬਿਜਲੀ ਤਾਰ੍ਹਾਂ ਤੋਂ ਸ਼ਾਰਟ ਸਰਕਟ ਕਾਰਨ ਖੇਤਾਂ ਵਿਚ ਖੜੀ ਫਸਲ ਨੂੰ ਅੱਗ ਲੱਗ ਗਈ ਜਿਸ ਨੂੰ ਕਿਸਾਨਾਂ ਨੇ ਬੜੀ ਮੁਸ਼ੱਕਤ ਨਾਲ ਕਾਬੂ ਪਾਇਆ ਪਰ ਉਦੋਂ ਤੱਕ 18 ਏਕੜ ਫਸਲ ਸੜਕੇ ਸੁਆਹ ਹੋ ਗਈ ਸੀ। ਜਾਣਕਾਰੀ ਅਨੁਸਾਰ ਇਸ ਅੱਗ ਨਾਲ ਕਿਸਾਨ ਸਾਬਕਾ ਸਰਪੰਚ ਜਸਵੰਤ ਸਿੰਘ, ਰਮੇਸ਼ ਲਾਲ ਸਤਿਆਣਾ, ਦਵਿੰਦਰ ਸਿੰਘ ਚੌਂਤਾ, ਕੁਲਵੰਤ ਸਿੰਘ, ਬਲਵੀਰ ਸਿੰਘ ਢੋਲਣਵਾਲ, ਰਜਿੰਦਰ ਸਿੰਘ ਢੋਲਣਵਾਲ, ਪ੍ਰੀਤਮ ਸਿੰਘ, ਕੁਲਦੀਪ ਸਿੰਘ, ਡੀ.ਸੀ. ਸਿੰਘ ਢੋਲਣਵਾਲ ਸਮੇਤ ਹੋਰ ਕਿਸਾਨਾਂ ਦੀ ਫਸਲ ਅੱਗ ਦੀ ਭੇਟ ਚੜ ਗਈ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋ ਗਿਆ। 

ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬਹੁਤ ਦੇਰੀ ਨਾਲ ਪਹੁੰਚੀਆਂ ਪਰ ਉਦੋਂ ਤੱਕ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਕਿਸਾਨਾਂ ਅਨੁਸਾਰ ਫਾਇਰ ਬ੍ਰਿਗੇਡ ਲੁਧਿਆਣਾ ਸ਼ਹਿਰ ਤੋਂ ਆਉਂਦੀ ਹੈ ਇਸ ਲਈ ਕਣਕ ਦੇ ਸੀਜ਼ਨ ਵਿਚ ਪਿੰਡਾਂ ਦੇ ਨੇੜੇ ਫਾਇਰ ਬ੍ਰਿਗੇਡ ਖੜਾਈਆਂ ਜਾਣ ਤਾਂ ਜੋ ਅੱਗ ਲੱਗਣ ’ਤੇ ਉਹ ਤੁਰੰਤ ਪਹੁੰਚ ਸਕਣ। ਦੂਜੇ ਪਾਸੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਉੱਥੋਂ ਰਵਾਨਾ ਹੋ ਗਏ। ਉਨ੍ਹਾਂ ਕਿਹਾ ਕਿ 20 ਕਿਲੋਮੀਟਰ ਦੀ ਦੂਰੀ ਜਿਸ ਵਿਚ ਲੁਧਿਆਣਾ ਸ਼ਹਿਰ ਦੀ ਭਾਰੀ ਟਰੈਫਿਕ ਆਉਂਦੀ ਹੈ ਉਸ ਨੂੰ ਪਾਰ ਕਰਨ ਲਈ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਕਰਮਚਾਰੀ ਮੁਸ਼ਤੈਦੀ ਨਾਲ ਕੰਮ ਕਰਦੇ ਹਨ। ਕਿਸਾਨਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਅੱਗ ਲੱਗਣ ਕਾਰਨ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇ।

By Gurpreet Singh

Leave a Reply

Your email address will not be published. Required fields are marked *