ਪਹਿਲਗਾਮ ਹਮਲੇ ਨੇ ਪਾਏ ਵਿਛੋੜੇ, ਹੁਣ 7 ਮਹੀਨੇ ਦੀ ਗਰਭਵਤੀ ਨੂੰ…

ਗੁਰਦਾਸਪੁਰ- ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦਾ ਸੇਕ ਹੁਣ ਰਾਜਨੀਤਿਕ ,ਆਰਥਿਕ ਮਸਲਿਆਂ ਤੋਂ ਬਾਅਦ ਸਮਾਜਿਕ ਅਤੇ ਪਰਿਵਾਰਿਕ ਮਸਲਿਆਂ ਨੂੰ ਵੀ ਲੱਗ ਰਿਹਾ ਹੈ ਜਿਸ ਦਾ ਖਮਿਆਜਾ ਭਾਰਤ ਵਿੱਚ ਰਹਿ ਰਹੀਆਂ ਪਾਕਿਸਤਾਨ ਦੀਆਂ ਕੁੜੀਆਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ । ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਠਿਆਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇ ਨੌਜਵਾਨ ਸੋਨੂੰ ਮਸੀਹ ਪੁੱਤਰ ਬਲਦੇਵ ਮਸੀਹ ਨੇ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ’ਚ ਰਹਿੰਦੀ ਆਪਣੇ ਹੀ ਮਜਹਬ ਦੀ ਕੁੜੀ ਮਾਰੀਆ ਪੁੱਤਰੀ ਸੈਮੂਅਨ ਨਾਲ ਕਰੀਬ 1 ਸਾਲ ਪਹਿਲਾਂ 8 ਜੁਲਾਈ 2024 ਨੂੰ ਪ੍ਰੇਮ ਵਿਆਹ ਕਰਵਾਇਆ ਸੀ।

ਇਸ ਮੌਕੇ ਨੌਜਵਾਨ ਦੀ ਪਤਨੀ ਜੋ ਕੀ 7 ਮਹੀਨੇ ਦੀ ਗਰਭਵਤੀ ਹੈ, ਨੇ ਆਪਣੇ ਮਾਪਿਆਂ ਦੀ ਹਾਜ਼ਰੀ ਅਤੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਹੁਣ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਤੁਰੰਤ ਭਾਰਤ ਛੱਡਣ ਦੇ ਹੁਕਮ ਆ ਗਏ ਹਨ ਜਿਸ ਦੇ ਚੱਲਦਿਆਂ ਉਹ ਵੱਡੇ ਪਰਿਵਾਰਕ ਸੰਕਟ ਅਤੇ ਮਾਨਸਿਕ ਸੰਕਟ ਵਿੱਚ ਫਸ ਗਏ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਵਿਆਹੀਆਂ ਹੋਈਆਂ ਕੁੜੀਆਂ ਨੂੰ ਇਸ ਹੁਕਮ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਪਰਿਵਾਰਿਕ ਮੈਂਬਰਾਂ ਦਾ ਵੀ ਮਾਨਸਿਕ ਤੌਰ ‘ਤੇ ਕਾਫੀ ਤਨਾਅ ਵਧਿਆ ਹੋਇਆ ਹੈ ਅਤੇ ਉਹ ਬਾਰ-ਬਾਰ ਕਸ਼ਮੀਰ ਵਿੱਚ ਅੱਤਵਾਦੀ ਹਮਲਾ ਕਰਨ ਵਾਲੇ ਲੋਕਾਂ ਨੂੰ ਕੋਸ ਰਹੇ ਹਨ।

ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਜ਼ਰੂਰ ਰਿਆਇਤ ਦਿੱਤੀ ਜਾਵੇ। ਗੌਰ ਤਲਬ ਹੈ ਕਿ ਮਾਰੀਆ ਇਸ ਵੇਲੇ ਸੱਤ ਮਹੀਨੇ ਦੀ ਗਰਭਵਤੀ ਹੈ ਇਨ੍ਹਾਂ ਹਾਲਾਤਾਂ ਵਿੱਚ ਪਰਿਵਾਰ ਅਤੇ ਉਸ ਦੇ ਪਤੀ ਨੂੰ ਮਾਰੀਆ ਦੀ ਭਾਰੀ ਫਿਕਰ ਹੈ ਅਤੇ ਮਾਰੀਆ ਵੀ ਇਸ ਹਾਲਤ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ ਹੈ। ਦੂਸਰੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਇਨ ਬਿਨ ਪਾਲਣਾ ਕਰਨਾ ਉਨ੍ਹਾਂ ਦਾ ਫਰਜ਼ ਹੈ। ਹਲਕਾ ਡੀ.ਐੱਸ.ਪੀ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਤੇ ਨਿਸ਼ਾਨਦੇਹੀ ਕਰਕੇ ਪਾਕਿਸਤਾਨੀ ਨਾਗਰਿਕਾਂ ਨੂੰ ਕਾਨੂੰਨ ਅਨੁਸਾਰ ਵਾਪਸ ਭੇਜਿਆ ਜਾ ਰਿਹਾ ਹੈ।

By Rajeev Sharma

Leave a Reply

Your email address will not be published. Required fields are marked *