ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਅਤਿਵਾਦੀ ਹਮਲੇ (Pahalgam terrorist attack) ਵਿਚ 26 ਸੈਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਲਗਾਤਾਰ ਵਧ ਰਿਹਾ ਹੈ। ਦੋਵਾਂ ਮੁਲਕਾਂ ਦਰਮਿਆਨ ਵਧਦੀ ਕਸ਼ੀਦਗੀ ਕਰਕੇ ਸਰਹੱਦੀ ਕਸਬਿਆਂ ਵਿਚ ਰਹਿੰਦੇ ਲੋਕ ਦਹਿਸ਼ਤ ਵਿਚ ਹਨ। ਕੁਝ ਥਾਵਾਂ ਉਤੇ ਸਥਾਨਕ ਲੋਕਾਂ ਨੇ ਹੁਣ ਇਹਤਿਆਤ ਵਜੋਂ ਕਮਿਊਨਿਟੀ ਬੰਕਰਾਂ ਨੂੰ ਸਾਫ਼ ਕਰ ਦਿੱਤਾ ਹੈ। ਸਰਹੱਦੀ ਲੋਕਾਂ ਮੁਤਾਬਕ ਉਹ ਹੋਰ ਹਾਲਾਤ ਨਾ ਵਿਗੜਨ ਦੀ ਉਮੀਦ ਕਰ ਰਹੇ ਹਨ।
ਇਧਰ, ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਲੋਕ ਸਹਿਮੇ ਹੋਏ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਕਾਰਨ ਗੁਰਦਾਸਪੁਰ ਦੇ ਸਰਹੱਦੀ ਚੌਤਰਾ ਸਮੇਤ ਕਈ ਪਿੰਡ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਲਗਾਤਾਰ ਅਨਾਊਸਮੈਂਟ ਹੋ ਰਹੀ ਹੈ। ਇਸ ਵਿਚ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਜੰਗ ਨਹੀਂ ਹੋਣੀ ਚਾਹੀਦੀ। ਤਣਾਅ ਕਾਰਨ ਸਰਹੱਦੀ ਪਿੰਡਾਂ ਵਿਚ ਦਹਿਸ਼ਤ ਹੈ।