ਨੈਸ਼ਨਲ ਟਾਈਮਜ਼ ਬਿਊਰੋ :- ਕਸਟਮ ਵਿਭਾਗ ਨੇ ਸਥਾਨਕ ਹਵਾਈ ਅੱਡੇ ’ਤੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 22 ਕਿਲੋ 312 ਗਰਾਮ ਗਾਂਜਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਲਗਪਗ 22 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤਾ ਇਹ ਗਾਂਜਾ ਹਾਈਡ੍ਰੋਪੈਨਿਕ ਬੂਟੀ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਤਿੰਨ ਯਾਤਰੂਆਂ ਕੋਲੋਂ ਬਰਾਮਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ।
ਇੱਕ ਔਰਤ ਪੱਛਮੀ ਬੰਗਾਲ ਅਤੇ ਦੂਜੀ ਮਹਾਰਾਸ਼ਟਰ ਨਾਲ ਸਬੰਧਤ ਹੈ, ਜਦੋਂ ਕਿ ਪੁਰਸ਼ ਪੰਜਾਬ ਨਾਲ ਸਬੰਧਤ ਹੈ। ਇਹ ਸਾਰੇ ਹੀ ਭਾਰਤੀ ਪਾਸਪੋਰਟ ਧਾਰਕ ਹਨ। ਇਹ ਸਾਰੇ ਏਅਰ ਏਸ਼ੀਆ ਹਵਾਈ ਕੰਪਨੀ ਦੀ ਉਡਾਣ ਰਾਹੀਂ ਕੁਆਲਾਲੰਪੁਰ ਰਸਤੇ ਥਾਈਲੈਂਡ ਦੇ ਕਰਾਬੀ ਏਅਰਪੋਰਟ ਤੋਂ ਇਥੇ ਆਏ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਉਕਤ ਯਾਤਰੀਆਂ ਦੀ ਗਤੀਵਿਧੀਆਂ ਸ਼ੱਕੀ ਲੱਗਣ ’ਤੇ ਉਨ੍ਹਾਂ ਦੇ ਸਮਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲੈਣ ’ਤੇ 22 ਕਿਲੋ 312 ਗਰਾਮ ਨਸ਼ੀਲਾ ਪਦਾਰਥ ਗਾਂਜਾ ਬਰਾਮਦ ਹੋਇਆ ਹੈ।
ਕਸਟਮ ਵਿਭਾਗ ਨੇ ਇਨ੍ਹਾਂ ਸਾਰੇ ਯਾਤਰੂਆਂ ਨੂੰ ਐਨਡੀਪੀਐਸ ਐਕਟ 1985 ਦੀ ਧਾਰਾ 43 ਤਹਿਤ ਗ੍ਰਿਫਤਾਰ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਤਿੰਨ ਯਾਤਰੂਆਂ ਕੋਲੋਂ ਲਗਪਗ 700 ਪੁਰਾਤਨ ਸਿੱਕੇ ਬਰਾਮਦ
ਕਸਟਮ ਵਿਭਾਗ ਹਵਾਈ ਅੱਡੇ ’ਤੇ ਤਿੰਨ ਯਾਤਰੂਆਂ ਕੋਲੋਂ ਲਗਪਗ 700 ਪੁਰਾਤਨ ਸਿੱਕੇ ਬਰਾਮਦ ਹੋਏ ਹਨ, ਜੋ ਤਸਕਰੀ ਕਰਕੇ ਲਿਆਂਦੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿੰਨ ਯਾਤਰੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਬੈਂਕਾਕ ਤੋਂ ਅੰਮ੍ਰਿਤਸਰ ਪੁੱਜੇ ਸਨ ਜਿਨ੍ਹਾਂ ਕੋਲੋਂ ਇਹ ਲਗਪਗ 700 ਪੁਰਾਤਨ ਸਿੱਕੇ ਬਰਾਮਦ ਹੋਏ ਹਨ। ਇਸ ਸਬੰਧ ਵਿੱਚ ਅਗਲੇਰੀ ਕਾਰਵਾਈ ਕਰਦਿਆਂ ਕਸਟਮ ਵਿਭਾਗ ਨੇ ਸਿੱਕੇ ਜ਼ਬਤ ਕਰ ਲਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।