ਨੈਸ਼ਨਲ ਟਾਈਮਜ਼ ਬਿਊਰੋ :- ਸੂਬੇ ਭਰ ਆਉਣ ਵਾਲੇ ਦਿਨਾਂ ਵਿਚ ਮੌਸਮ ’ਚ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ। ਅਗਲੇ ਆਉਣ ਵਾਲੇ ਦੋ ਤਿੰਨ ਦਿਨ ਸੂਬੇ ਭਰ ’ਚ ਤੇਜ ਹਵਾਵਾਂ ਦੇ ਨਾਲ ਮੀਂਹ ਹੋ ਸਕਦੀ ਹੈ ਜਿਸ ਨੂੰ ਲੈ ਕੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਭਵਿੱਖਬਾਣੀ ਕੀਤੀ ਹੈ ਕਿ ਆਈਐਮਡੀ ਦੀ ਰਿਪੋਰਟ ਦੇ ਮੁਤਾਬਿਕ ਅਗਲੇ ਤਿੰਨ ਦਿਨ ਮੌਸਮ ਖਰਾਬ ਰਹੇਗਾ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਦਿਨ ਅਤੇ ਰਾਤ ਦੇ ਤਾਪਮਾਨ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉੱਥੇ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਖਾਸ ਅਪੀਲ ਕੀਤੀ ਹੈ।
ਦੂਜੇ ਪਾਸੇ ਗੱਲਬਾਤ ਕਰਦਿਆਂ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਦਿਨ ਅਤੇ ਰਾਤ ਦੇ ਤਾਪਮਾਨ ’ਚ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਨ ਦਾ ਤਾਪਮਾਨ 40 ਦੇ ਕਰੀਬ ਹੈ ਅਤੇ ਰਾਤ ਦਾ ਤਾਪਮਾਨ ਵੀ 26 ਡਿਗਰੀ ਦਰਜ ਕੀਤਾ ਗਿਆ ਹੈ। ਨਾਲ ਹੀ ਜਿਆਦਾਤਰ ਦੁਪਹਿਰ ਦੇ ਸਮੇਂ ਨਮੀ ਦੀ ਮਾਤਰਾ 50% ਤੱਕ ਘਟੀ ਹੈ।
ਉਨ੍ਹਾਂ ਨੇ ਮੌਸਮ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੂਬੇ ਭਰ ’ਚ ਇੱਕ ਦੋ ਅਤੇ ਤਿੰਨ ਤਰੀਕ ਨੂੰ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਹੋ ਸਕਦੀ ਹੈ। ਇਸ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਤਾਂ ਉੱਥੇ ਹੀ ਕਿਸਾਨਾਂ ਨੂੰ ਵੀ ਵਿਸ਼ੇਸ਼ ਧਿਆਨ ਰੱਖਣ ਦੀ ਵੀ ਅਪੀਲ ਕੀਤੀ ਹੈ।
ਮੌਸਮ ਵਿਗਿਆਨੀ ਨੇ ਕਿਹਾ ਕਿ ਜਿੱਥੇ ਕਿਸਾਨਾਂ ਦੀਆਂ ਫਸਲਾਂ ਦੀ ਹਾਲੇ ਤੱਕ ਕਟਾਈ ਨਹੀਂ ਹੋਈ ਤਾਂ ਉਹਨਾਂ ਨੂੰ ਵੀ ਆਪਣਾ ਵਿਸ਼ੇਸ਼ ਧਿਆਨ ਰੱਖਣਾ ਜਰੂਰੀ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਅਸੁਰੱਖਿਅਤ ਬਿਲਡਿੰਗਾਂ ਅਤੇ ਦਰਖਤਾਂ ਦੇ ਸਹਾਰੇ ਤੋਂ ਵੀ ਬਚਿਆ ਜਾਵੇ ਕਿਉਂਕਿ ਕੋਈ ਵੀ ਅਨਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਲੋਕ ਆਪਣਾ ਖਾਸ ਧਿਆਨ ਰੱਖਣ।