ਪੰਜਾਬ ‘ਚ ਵਿਗੜੇਗਾ ਮੌਸਮ, ਤੇਜ਼ ਹਨ੍ਹੇਰੀ ਨਾਲ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, ਕਿਸਾਨਾਂ ਲਈ ਸਲਾਹ

ਜਲੰਧਰ – ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦਾ ਮਿਜਾਜ਼ ਅਚਾਨਕ ਬਦਲ ਰਿਹਾ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤਾ ਗਿਆ ‘ਯੈਲੋ ਅਲਰਟ’ ਹੁਣ ਹੋਰ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਔਰੇਂਜ ਅਲਰਟ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਧੂੜ ਭਰੀ ਹਨ੍ਹੇਰੀ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਮਾਹਿਰਾਂ ਅਨੁਸਾਰ ਇਹ ਪਰਿਵਰਤਨ ਹਰਿਆਣਾ-ਪੰਜਾਬ ਖੇਤਰ ਵਿਚ ਬਣੇ ਚੱਕਰਵਾਤੀ ਦਬਾਅ ਕਾਰਨ ਹੋ ਰਿਹਾ ਹੈ। ਲੁਧਿਆਣਾ, ਜਲੰਧਰ, ਪਟਿਆਲਾ, ਬਠਿੰਡਾ, ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿਚ ਇਸ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ। ਤੇਜ਼ ਹਵਾਵਾਂ ਨਾਲ ਧੂੜ ਉੱਡਣ ਨਾਲ ਵਿਜ਼ੀਬਿਲਿਟੀ ਘੱਟ ਹੋ ਸਕਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਆਈ. ਐੱਮ. ਡੀ. ਦੀ ਰਿਪੋਰਟ ਦੇ ਮੁਤਾਬਕ ਦੱਸਦੇ ਹੋਏ ਕਿਹਾ ਕਿ ਪੰਜਾਬ ‘ਚ 1 ਤੋਂ 4 ਮਈ ਤੱਕ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਚਿਤਾਵਨੀ ਦਿੱਤੀ ਹੈ ਬਾਰਿਸ਼ ਦੇ ਨਾਲ-ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਮੌਸਮ ਦੀ ਤਬਦੀਲੀ ਕਾਰਨ ਕਿਸਾਨ ਨੁਕਸਾਨ ਤੋਂ ਬਚਣ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ। 

PunjabKesari

ਕਿਸਾਨਾਂ ਨੂੰ ਸਲਾਹ ਦਿੰਦੇ ਕਿਹਾ ਗਿਆ ਹੈ ਕਿ ਜੋ ਕਿਸਾਨ ਆਪਣੀ ਫ਼ਸਲ ਦੀ ਕਟਾਈ ਕਰ ਰਹੇ ਹਨ ਜਾਂ ਕਰ ਚੁੱਕੇ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਵੱਢੀ ਹੋਈ ਫ਼ਸਲ ਨੂੰ ਢੱਕਣ ਦੀ ਉਚਿਤ ਵਿਵਸਥਾ ਕਰਨ ਤਾਂਕਿ ਬਾਰਿਸ਼ ਕਾਰਨ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਜੋ ਕਿਸਾਨ ਖੇਤਾਂ ਵਿੱਚ ਨਵੀਂ ਫ਼ਸਲ ਬੀਜ ਰਹੇ ਹਨ, ਉਹ ਵੀ ਮਿੱਟੀ ਦੀ ਨਮੀ ਅਤੇ ਹਵਾਵਾਂ ਦੀ ਰਫ਼ਤਾਰ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨ। ਇਸ ਦੇ ਨਾਲ ਹੀ ਮੌਸਮ ਵਿਗਿਆਨੀ ਨੇ ਆਮ ਜਨਤਾ ਨੂੰ ਸਲਾਹ ਦਿੱਤੀ ਕਿ ਬਿਨਾ ਲੋੜ ਤੋਂ ਘਰੋਂ ਬਾਹਰ ਨਾ ਨਿਕਲਣ, ਖ਼ਾਸ ਕਰਕੇ ਜੇਕਰ ਮੌਸਮ ਜ਼ਿਆਦਾ ਖ਼ਰਾਬ ਹੋ ਜਾਵੇ। 

ਉਥੇ ਹੀ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 42.8 ਡਿਗਰੀ ਸੈਲਸੀਅਸ ਨਾਲ ਪੰਜਾਬ ਵਿਚ ਬਠਿੰਡਾ ਸਭ ਤੋਂ ਗਰਮ ਸ਼ਹਿਰ ਰਿਹਾ। ਬੀਤੇ ਦਿਨ ਸਵੇਰ ਤੋਂ ਸ਼ੁਰੂ ਹੋਈਆਂ ਹਵਾਵਾਂ ਦਾ ਸਿਲਸਿਲਾ ਦੇਰ ਰਾਤ ਤਕ ਜਾਰੀ ਰਿਹਾ, ਜਿਸ ਨਾਲ ਤਾਪਮਾਨ ਵਿਚ ਹਲਕੀ ਗਿਰਾਵਟ ਦਰਜ ਹੋਈ ਪਰ ਗਰਮੀ ਦਾ ਪ੍ਰਭਾਵ ਜਾਰੀ ਹੈ। ਅੰਮ੍ਰਿਤਸਰ, ਪਠਾਨਕੋਟ ਅਤੇ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਵੱਖ-ਵੱਖ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਕਾਰਨ ਤਾਪਮਾਨ ਵਿਚ 2-3 ਡਿਗਰੀ ਤਕ ਦੀ ਗਿਰਾਵਟ ਵੇਖਣ ਨੂੰ ਮਿਲੀ। 

By nishuthapar1

Leave a Reply

Your email address will not be published. Required fields are marked *