ਚੰਡੀਗੜ੍ਹ: ਪੰਜਾਬ ਵਿੱਚ ਪਾਣੀਆਂ ਦਾ ਵਿਵਾਦ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਸੂਬਾ ਸਰਕਾਰ ਦੇ ਸੀਨੀਅਰ ਮੰਤਰੀ ਅਮਨ ਅਰੋੜਾ ਨੇ ਇਸ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਸਪੱਸ਼ਟ ਅਤੇ ਸਖ਼ਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੀ ਕੀਮਤ ‘ਤੇ ਆਪਣੇ ਪਾਣੀਆਂ ਦੇ ਹੱਕਾਂ ਨਾਲ ਸਮਝੌਤਾ ਨਹੀਂ ਕਰਨਗੇ।
ਅਮਨ ਅਰੋੜਾ ਨੇ ਕਿਹਾ, “ਸਾਨੂੰ ਸਾਡਾ ਪਾਣੀ ਖੂਨ ਨਾਲੋਂ ਵੀ ਪਿਆਰਾ ਹੈ। ਤਿੰਨ ਕਰੋੜ ਪੰਜਾਬੀਆਂ ਵੱਲੋਂ, ਅਸੀਂ ਬੀਬੀਐਮਬੀ ਰਾਹੀਂ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਫੈਸਲੇ ਦਾ ਸਖ਼ਤ ਵਿਰੋਧ ਕਰਦੇ ਹਾਂ।”
ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੱਤੀ, “ਉਨ੍ਹਾਂ ਨੂੰ ਅੱਗ ਨਾਲ ਨਹੀਂ ਖੇਡਣਾ ਚਾਹੀਦਾ। ਹੁਣ ਪੂਰੀ ਆਮ ਆਦਮੀ ਪਾਰਟੀ ਪੰਜਾਬ ਨਾਲ ਵਾਰ-ਵਾਰ ਹੋ ਰਹੇ ਧੋਖੇ ਅਤੇ ਵਿਸ਼ਵਾਸਘਾਤ ਵਿਰੁੱਧ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ।”
ਉਨ੍ਹਾਂ ਇਹ ਵੀ ਕਿਹਾ “ਭਾਜਪਾ ਤੇ ਕੇਂਦਰ ਸਰਕਾਰ ਵੱਲੋਂ ਬੀਬੀਐੱਮਬੀ ਦੀ ਬਾਂਹ ਮਰੋੜ ਕੇ ਹਰਿਆਣਾ ਨੂੰ ਪੰਜਾਬ ਦੇ ਹਿੱਸੇ ਦਾ 8500 ਕਿਊਸਿਕ ਹੋਰ ਪਾਣੀ ਛਡਵਾਉਣ ਦੇ ਫ਼ੈਸਲੇ ਖ਼ਿਲਾਫ਼ ਅਸੀਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਭਾਜਪਾ ਦੀ ਇਸ ਗੁੰਡਾਗਰਦੀ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਯਾਦ ਰੱਖਿਓ ਇਹ ਪੰਜਾਬ ਹੈ, ਜਿਸ ਨੇ ਅਜਿਹੇ ਕਈ ਧਾੜਵੀ ਪਿਛਲ-ਖੁਰੀ ਮੋੜੇ ਨੇ”
ਅਰੋੜਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ.) ਵੱਲੋਂ ਤੈਅ ਪਾਣੀ ਦੀ ਵੰਡ ਦੇ ਬਾਵਜੂਦ, ਹਰਿਆਣਾ ਨੇ ਆਪਣੇ ਹਿੱਸੇ ਤੋਂ ਵੱਧ ਪਾਣੀ ਦੀ ਮੰਗ ਕੀਤੀ, ਜਿਸ ਨੂੰ ਪੰਜਾਬ ਨੇ ਕੁਝ ਸਮੇਂ ਲਈ ਮਾਨਵੀ ਆਧਾਰ ‘ਤੇ ਸਵੀਕਾਰ ਕਰ ਲਿਆ।
ਹਾਲਾਂਕਿ, ਹੁਣ ਪੰਜਾਬ ਸਰਕਾਰ ਦਾ ਸਟੈਂਡ ਸਖ਼ਤ ਹੁੰਦਾ ਜਾਪ ਰਿਹਾ ਹੈ। ਮੰਤਰੀ ਅਮਨ ਅਰੋੜਾ ਦਾ ਤਿੱਖਾ ਰਵੱਈਆ ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਇਸ ਮੁੱਦੇ ‘ਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਝੱਲਣ ਦੇ ਮੂਡ ਵਿੱਚ ਨਹੀਂ ਹੈ।