‘ਪੇਸ਼ ਹੋਣਾ ਪਵੇਗਾ!’ ਰੂਹ ਅਫਜ਼ਾ ਬਾਰੇ ਕੀਤੀ ਇਹ ਟਿੱਪਣੀ ਬਾਬਾ ਰਾਮਦੇਵ ਨੂੰ ਪੈ ਰਹੀ ਭਾਰੀ

 ਦਿੱਲੀ ਹਾਈ ਕੋਰਟ ਨੇ ਯੋਗ ਗੁਰੂ ਬਾਬਾ ਰਾਮਦੇਵ ਨੂੰ ‘ਰੂਹ ਅਫਜ਼ਾ’ ‘ਤੇ ਉਨ੍ਹਾਂ ਦੇ ਵਿਵਾਦਪੂਰਨ ਬਿਆਨ ਲਈ ਫਟਕਾਰ ਲਗਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਦਾਲਤ ਦੀ ਉਲੰਘਣਾ ਕਰ ਰਿਹਾ ਹੈ ਤੇ ਅਗਲੀ ਸੁਣਵਾਈ ‘ਤੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣਾ ਲਾਜ਼ਮੀ ਹੈ। ਅਦਾਲਤ ਨੇ ਰਾਮਦੇਵ ਵਿਰੁੱਧ ਮਾਣਹਾਨੀ ਨੋਟਿਸ ਜਾਰੀ ਕਰਨ ਦੀ ਵੀ ਗੱਲ ਕੀਤੀ ਹੈ।

ਹਲਫ਼ਨਾਮਾ ਦਾਇਰ ਕਰਨ ਦੇ ਹੁਕਮ ਨੂੰ ਵੀ ਟਾਲਿਆ
ਇਸ ਤੋਂ ਪਹਿਲਾਂ, ਅਦਾਲਤ ਨੇ ਬਾਬਾ ਰਾਮਦੇਵ ਨੂੰ ਇੱਕ ਹਲਫ਼ਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੂੰ ਇਹ ਭਰੋਸਾ ਦੇਣਾ ਪਿਆ ਸੀ ਕਿ ਉਹ ਭਵਿੱਖ ਵਿੱਚ ਹਮਦਰਦ ਲੈਬਾਰਟਰੀਆਂ ਵਿਰੁੱਧ ਕੋਈ ਇਤਰਾਜ਼ਯੋਗ ਬਿਆਨ ਜਾਂ ਇਸ਼ਤਿਹਾਰ ਜਾਰੀ ਨਹੀਂ ਕਰਨਗੇ। ਅਦਾਲਤ ਨੇ ਇਸ ਲਈ ਉਸਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ ਅਤੇ ਅਗਲੀ ਸੁਣਵਾਈ 1 ਮਈ ਨੂੰ ਤੈਅ ਕੀਤੀ ਸੀ। ਹਾਲਾਂਕਿ, ਰਾਮਦੇਵ ਇਸ ਤਰੀਕ ਨੂੰ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ।

‘ਰੂਹ ਅਫਜ਼ਾ’ ਵਿਵਾਦ ਕੀ ਹੈ?
ਇਹ ਵਿਵਾਦ 3 ਅਪ੍ਰੈਲ ਨੂੰ ਉਦੋਂ ਸ਼ੁਰੂ ਹੋਇਆ ਜਦੋਂ ਬਾਬਾ ਰਾਮਦੇਵ ਨੇ ਪਤੰਜਲੀ ਦੇ ਗੁਲਾਬ ਸ਼ਰਬਤ ਦਾ ਪ੍ਰਚਾਰ ਕਰਦੇ ਹੋਏ ਰੂਹ ਅਫਜ਼ਾ ਦੇ ਨਿਰਮਾਤਾ ਹਮਦਰਦ ਵਿਰੁੱਧ ਵਿਵਾਦਪੂਰਨ ਟਿੱਪਣੀਆਂ ਕੀਤੀਆਂ। ਇੱਕ ਵਾਇਰਲ ਵੀਡੀਓ ਵਿੱਚ, ਉਨ੍ਹਾਂ ਨੇ ਕਿਹਾ ਕਿ “ਹਮਦਰਦ ਆਪਣੀ ਕਮਾਈ ਤੋਂ ਮਸਜਿਦਾਂ ਅਤੇ ਮਦਰੱਸੇ ਬਣਾਉਂਦਾ ਹੈ” ਅਤੇ ਇਸ ਸੰਦਰਭ ਵਿੱਚ ਉਨ੍ਹਾਂ ਨੇ ‘ਸ਼ਰਬਤ ਜੇਹਾਦ’ ਸ਼ਬਦ ਦੀ ਵਰਤੋਂ ਕੀਤੀ। ਰਾਮਦੇਵ ਨੇ ਇਹ ਵੀ ਕਿਹਾ ਕਿ ਹਮਦਰਦ ਦਾ ਸ਼ਰਬਤ ‘ਲਵ ਜੇਹਾਦ’ ਅਤੇ ‘ਵੋਟ ਜੇਹਾਦ’ ਨਾਲ ਜੁੜਿਆ ਹੋਇਆ ਹੈ, ਜਦੋਂ ਕਿ ਪਤੰਜਲੀ ਦਾ ਸ਼ਰਬਤ ਗੁਰੂਕੁਲ ਅਤੇ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ​​ਕਰਦਾ ਹੈ।

ਹਮਦਰਦ ਨੇ ਚੁੱਕਿਆ ਕਾਨੂੰਨੀ ਕਦਮ
ਹਮਦਰਦ ਲੈਬਾਰਟਰੀਜ਼ ਨੇ ਦਿੱਲੀ ਹਾਈ ਕੋਰਟ ‘ਚ ਇੱਕ ਪਟੀਸ਼ਨ ਦਾਇਰ ਕਰ ਕੇ ਇਸ ਬਿਆਨ ਨੂੰ ਫਿਰਕੂ ਤੇ ਇਤਰਾਜ਼ਯੋਗ ਦੱਸਿਆ। ਸੁਣਵਾਈ ਦੌਰਾਨ ਜਸਟਿਸ ਅਮਿਤ ਬਾਂਸਲ ਨੇ ਰਾਮਦੇਵ ਦੀਆਂ ਟਿੱਪਣੀਆਂ ਨੂੰ “ਅਸਵੀਕਾਰਨਯੋਗ” ਕਰਾਰ ਦਿੱਤਾ ਅਤੇ ਕਿਹਾ, “ਇਸ ਨਾਲ ਅਦਾਲਤ ਦੀ ਜ਼ਮੀਰ ਨੂੰ ਝਟਕਾ ਲੱਗਿਆ ਹੈ। ਇਹ ਬਿਆਨ ਬਹੁਤ ਹੀ ਇਤਰਾਜ਼ਯੋਗ ਹੈ।”

ਅਗਲੀ ਸੁਣਵਾਈ ਮਹੱਤਵਪੂਰਨ
ਅਦਾਲਤ ਨੇ ਹੁਣ ਰਾਮਦੇਵ ਦੀ ਗੈਰਹਾਜ਼ਰੀ ‘ਤੇ ਮਾਣਹਾਨੀ ਦੀ ਕਾਰਵਾਈ ਦਾ ਸੰਕੇਤ ਦਿੱਤਾ ਹੈ ਅਤੇ ਅਗਲੀ ਸੁਣਵਾਈ ‘ਤੇ ਉਨ੍ਹਾਂ ਦੀ ਮੌਜੂਦਗੀ ਨੂੰ ਲਾਜ਼ਮੀ ਕਰ ਦਿੱਤਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਯੋਗ ਗੁਰੂ ਆਪਣੀ ਅਗਲੀ ਸੁਣਵਾਈ ‘ਤੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ।

By Rajeev Sharma

Leave a Reply

Your email address will not be published. Required fields are marked *