ਅੰਮ੍ਰਿਤਸਰ- ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਨੇੜੇ ਕੱਠੀਆਂ ਵਾਲਾ ਬਾਜ਼ਾਰ ਵਿਚ ਗੈਂਗਵਾਰ ਹੋਈ ਸੀ, ਜਿਸ ਵਿਚ ਖਤਰਨਾਕ ਗੈਂਗਸਟਰ ਰਵਨੀਤ ਸਿੰਘ ਉਰਫ਼ ਸੋਨੂੰ ਮੋਟੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੈਂਗਸਟਰ ਸੋਨੂੰ ਮੋਟਾ ਦਾ ਕਤਲ ਸਾਬਕਾ ਕੌਂਸਲਰ ਗੁਰਦੀਪ ਪਹਿਲਵਾਨ ਦੇ ਬੇਟੇ ਅਭਿਰਾਜ ਸਿੰਘ ਨੇ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲਸ ਨੇ ਅਭਿਰਾਜ ਅਤੇ ਉਸ ਦੇ ਅਣਪਛਾਤੇ ਸਾਥੀਆਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਸੀ ।
ਇਸ ਸੰਬੰਧੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਜਿਸ ‘ਚ ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਅਭਿਰਾਜ ਤੇ ਰਾਹੁਲ ਵੱਲੋਂ ਸੋਨੂੰ ਮੋਟੇ ਦਾ ਕਤਲ ਕੀਤਾ ਗਿਆ ਹੈ । ਅਭਿਰਾਜ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਭਿਰਾਜ ਨੂੰ ਲੱਗਦਾ ਸੀ ਉਸ ਦੇ ਪਿਤਾ ਦੇ ਕਤਲ ‘ਚ ਸੋਨੂੰ ਮੋਟੇ ਦੀ ਰੇਕੀ ਸੀ।
ਕਦੋਂ ਅਤੇ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ
ਮੰਗਲਵਾਰ ਨੂੰ ਦੁਪਹਿਰ ਵੇਲੇ ਗੈਂਗਸਟਰ ਰਵਨੀਤ ਸਿੰਘ ਸੋਨੂੰ ਮੋਟਾ ਆਪਣੀ ਐਕਟਿਵਾ ’ਤੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਿਹਾ ਸੀ, ਜਦੋਂ ਰਸਤੇ ਵਿਚ ਕਾਠੀਆਂ ਵਾਲਾ ਬਾਜ਼ਾਰ ਨੇੜੇ ਦੋ ਮੋਟਰਸਾਈਕਲਾਂ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨ ਆਏ ਅਤੇ ਸੋਨੂੰ ਮੋਟਾ ’ਤੇ ਗੋਲੀਆਂ ਚਲਾ ਦਿੱਤੀਆਂ। ਲਗਭਗ 5 ਗੋਲੀਆਂ ਲੱਗਣ ਤੋਂ ਬਾਅਦ ਉਹ ਖੂਨ ਨਾਲ ਲੱਥਪੱਥ ਉੱਥੇ ਡਿੱਗ ਪਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾਂ ਨੂੰ ਸਹਿਣ ਨਾ ਕਰਦਿਆਂ ਰਵਨੀਤ ਸਿੰਘ ਸੋਨੂੰ ਮੋਟੇ ਦੀ ਮੌਤ ਹੋ ਗਈ।