ਪੰਜਾਬ ਸਾਡਾ ਭਰਾ ਹੈ, ਘਰ ਹੈ – ਹਮੇਸ਼ਾ ਪਾਣੀ ਦਿਆਂਗੇ – ਸੀ.ਐਮ ਸੈਣੀ

ਨੈਸ਼ਨਲ ਟਾਈਮਜ਼ ਬਿਊਰੋ :- ਪਾਣੀ ਦੇ ਮੁੱਦੇ ਨੂੰ ਲੈ ਕੇ ਫਿਰ ਤੋਂ ਪੰਜਾਬ ਅਤੇ ਹਰਿਆਣਾ ਆਹਮੋ-ਸਾਹਮਣੇ ਹਨ। ਹਾਲ ਹੀ ਵਿਚ ਹਰਿਆਣਾ ਵਲੋਂ ਪਾਣੀ ਦੀ ਕਿੱਲਤ ਦੀ ਸ਼ਿਕਾਇਤ ਮਗਰੋਂ ਇਹ ਮੁੱਦਾ ਦੋਵਾਂ ਸੂਬਿਆਂ ਵਿਚਾਲੇ ਤਿੱਖੀ ਬਿਆਨਬਾਜ਼ੀ ਦਾ ਕਾਰਨ ਬਣ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਕਹਿਣਾ ਹੈ ਕਿ ਇਹ ਸਿਰਫ ਸਿੰਚਾਈ ਦੇ ਪਾਣੀ ਦਾ ਨਹੀਂ, ਸਗੋਂ ਪੀਣ ਵਾਲੇ ਪਾਣੀ ਦਾ ਵੀ ਮਾਮਲਾ ਹੈ। ਆਪਣੇ ਸੱਭਿਆਚਾਰ ਵਿਚ ਅਸੀਂ ਆਪਣੇ ਗੁਰੂਆਂ ਤੋਂ ਸਿੱਖਿਆ ਹੈ ਕਿ ਅਸੀਂ ਕਿਸੇ ਅਜਨਬੀ ਨੂੰ ਵੀ ਪਾਣੀ ਪਿਲਾ ਕੇ ਉਸ ਦੀ ਪਿਆਸ ਬੁਝਾਉਂਦੇ ਹਾਂ। ਅੱਜ ਤਕ ਦੇ ਇਤਿਹਾਸ ਵਿਚ ਪੀਣ ਵਾਲੇ ਪਾਣੀ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋਇਆ। 

ਮੁੱਖ ਮੰਤਰੀ ਨੇ ਕਿਹਾ ਕਿ ਇਹ ਹੇਠਲੇ ਪੱਧਰ ਦੀ ਸਿਆਸਤ ਹੈ। ਪੰਜਾਬ ਸਾਡਾ ਭਰਾ ਹੈ, ਪੰਜਾਬ ਸਾਡਾ ਘਰ ਹੈ। ਜੇ ਪੰਜਾਬ ਪਿਆਸਾ ਰਿਹਾ ਤਾਂ ਅਸੀਂ ਆਪਣੇ ਹਿੱਸੇ ਦਾ ਪਾਣੀ ਕੱਟ ਕੇ ਪੰਜਾਬ ਨੂੰ ਦੇਵਾਂਗੇ, ਇਹ ਸਾਡਾ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਮੀਂਹ ਦਾ ਪਾਣੀ ਬਰਬਾਦ ਹੋਵੇਗਾ। ਇਹ ਪਾਕਿਸਤਾਨ ਜਾਵੇਗਾ, ਅਸੀਂ ਉਨ੍ਹਾਂ ਲੋਕਾਂ ਨੂੰ ਪਾਣੀ ਕਿਉਂ ਦੇਈਏ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਜਾਨ ਲਈ।

ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਵੀ ਹਰਿਆਣਾ ਦੇ ਪਾਣੀ ਵਿਚ ਜ਼ਹਿਰ ਮਿਲਾਉਣ ਦਾ ਦੋਸ਼ ਲਾਇਆ ਸੀ। ਬਾਅਦ ’ਚ ਉਨ੍ਹਾਂ ਨੂੰ ਦਿੱਲੀ ਦੀ ਹਾਰ ਬਰਦਾਸ਼ਤ ਨਹੀਂ ਹੋਈ। ਇਸ ਲਈ ਕੇਜਰੀਵਾਲ ਸਦਮੇ ’ਚ ਹਨ। ਮੈਂ ਭਗਵੰਤ ਮਾਨ ਨੂੰ ਕਹਾਂਗਾ ਕਿ ਲੋਕਾਂ ਦੇ ਹਿੱਤ ਵਿਚ ਕੰਮ ਕਰੋ, ਬਾਹਰ ਆ ਕੇ ਕੰਮ ਕਰੋ।

By Balwinder Singh

Leave a Reply

Your email address will not be published. Required fields are marked *