ਨੈਸ਼ਨਲ ਟਾਈਮਜ਼ ਬਿਊਰੋ :- ਪਿਛਲੇ ਮਹੀਨੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ‘ਚ 26 ਟੂਰਿਸਟਾਂ ਦੀ ਜਾਨ ਚਲੀ ਗਈ ਸੀ, ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ‘ਚ ਕੜਵਾਹਟ ਵਧਦੀ ਜਾ ਰਹੀ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਇਕ ਦੂਜੇ ‘ਤੇ ਸਖ਼ਤ ਪਾਬੰਦੀਆਂ ਦੇ ਨਾਲ-ਨਾਲ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਅਧਿਕਾਰੀਆਂ ਨੇ 1,000 ਤੋਂ ਵੱਧ ਮਦਰੱਸਿਆਂ ਨੂੰ 10 ਦਿਨਾਂ ਲਈ ਬੰਦ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੀ.ਓ.ਕੇ. ਦੇ ਸਕੂਲਾਂ ‘ਚ ਪੜ੍ਹਦੇ ਬੱਚਿਆਂ ਨੂੰ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਅਧਿਕਾਰੀ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ, ਐਮਰਜੈਂਸੀ ਐਗਜ਼ਿਟ ਅਤੇ ਫਾਇਰ ਸਕਿਓਰਿਟੀ ਬਾਰੇ ਟ੍ਰੇਨਿੰਗ ਦੇ ਰਹੇ ਹਨ।
ਜਿਕਰਯੋਗ ਹੈ ਕਿ ਪਾਕਿਸਤਾਨੀ ਰੱਖਿਆ ਮੰਤਰੀ ਨੇ ਇਕ ਬਿਆਨ ‘ਚ ਕਿਹਾ ਸੀ ਕਿ ਵਧੇ ਹੋਏ ਤਣਾਅ ਦਰਮਿਆਨ ਭਾਰਤ ਕਦੇ ਵੀ ਪਾਕਿਸਤਾਨ ‘ਤੇ ਹਮਲਾ ਕਰ ਸਕਦਾ ਹੈ। ਇਸ ਕਾਰਨ ਪਾਕਿਸਤਾਨ ਸਰਕਾਰ ਬੌਖਲਾਈ ਹੋਈ ਹੈ ਤੇ ਭਾਰਤ ਨਾਲ ਜੰਗ ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ। ਇਸ ਦੌਰਾਨ ਪਾਕਿਸਤਾਨ ਨੇ ਚੀਨ ਤੋਂ ਆਧੁਨਿਕ ਤਕਨੀਕ ਵਾਲੇ 40 ਜੰਗੀ ਟੈਂਕਾਂ ਦੀ ਮੰਗ ਕੀਤੀ ਹੈ, ਤਾਂ ਜੋ ਜੇਕਰ ਜੰਗ ਹੋਈ ਤਾਂ ਕੁਝ ਹੱਦ ਤੱਕ ਉਹ ਭਾਰਤੀ ਹਮਲੇ ਦਾ ਸਾਹਮਣਾ ਕਰ ਸਕੇ।