ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਨੋਟ ਕਰ ਲਓ ਇਹ ਤਾਰੀਖਾਂ

ਜਲੰਧਰ : ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਹਾ ਕਿ 20 ਤੋਂ 22 ਮਈ ਤਕ ਪਨਬੱਸ-ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਪੁਤਲਾ ਫੂਕ ਅਤੇ ਰੋਸ ਰੈਲੀਆਂ ਦਾ ਸਿਲਸਿਲਾ 15 ਮਈ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਇਸੇ ਲੜੀ ’ਚ ਰੋਜ਼ਾਨਾ ਵੱਖ-ਵੱਖ ਸ਼ਹਿਰਾਂ ਦੇ ਬੱਸ ਅੱਡਿਆਂ ’ਚ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਨੂੰ ਮੁਫਤ ਸਫਰ ਦਿੱਤਾ ਜਾ ਰਿਹਾ ਹੈ ਪਰ ਵਿਭਾਗ ਨੂੰ ਰਾਸ਼ੀ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਪੇਅਰ ਪਾਰਟਸ ਖਰੀਦਣ ਵਿਚ ਵੀ ਦਿੱਕਤ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਸਰਕਾਰ ’ਤੇ 800 ਕਰੋੜ ਰੁਪਏ ਬਕਾਇਆ ਹੈ, ਜਿਸ ਦੀ ਦੇਣਦਾਰੀ ਪ੍ਰਤੀ ਸਰਕਾਰ ਵੱਲੋਂ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਜਿਸ ਕਾਰਨ ਵਰਕਰਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਮਿਲ ਰਹੀ।

ਸਟੇਟ ਬਾਡੀ ਦੀ ਮੀਟਿੰਗ ਦੌਰਾਨ ਯੂਨੀਅਨ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਆਏ ਡਿਪੂਆਂ ਦੇ ਅਹੁਦੇਦਾਰਾਂ ਨੇ ਹਿੱਸਾ ਲੈ ਕੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਕਿਹਾ ਕਿ ਅਪ੍ਰੈਲ ਦੇ ਪਹਿਲੇ ਹਫਤੇ ਟਰਾਂਸਪੋਰਟ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਚੰਡੀਗੜ੍ਹ ’ਚ ਮੀਟਿੰਗ ਹੋਈ ਸੀ। ਇਸ ਦੌਰਾਨ ਕਈ ਗੱਲਾਂ ’ਤੇ ਸਹਿਮਤੀ ਬਣੀ ਸੀ, ਜਿਸ ’ਚ 20 ਦਿਨਾਂ ’ਚ ਟਰਾਂਸਪੋਰਟ ਪਾਲਿਸੀ ਲਿਆਉਣਾ ਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੀ ਯੋਜਨਾ ਨੂੰ ਰੱਦ ਕਰਨਾ ਸ਼ਾਮਲ ਸੀ। ਉਥੇ ਹੀ, ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਠੇਕਾ ਵਰਕਰਾਂ ਨੂੰ ਬਰਾਬਰ ਤਨਖਾਹ ਦੇਣ ਵਰਗੀਆਂ ਕਈ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ। ਯੂਨੀਅਨ ਆਗੂਆਂ ਨੇ ਕਿਹਾ ਕਿ ਵਾਰ-ਵਾਰ ਮੀਟਿੰਗ ਕਰ ਕੇ ਭਰੋਸਾ ਦੇ ਦਿੱਤਾ ਜਾਂਦਾ ਹੈ ਪਰ ਮੰਗਾਂ ਨੂੰ ਲਾਗੂ ਕਰਨ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਦੇ ਰਹੀ, ਜਿਸ ਕਾਰਨ ਯੂਨੀਅਨ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਚੱਕਾ ਜਾਮ ਦੌਰਾਨ ਟਰਾਂਸਪੋਰਟ ਮੰਤਰੀ ਸਮੇਤ ਵੱਖ-ਵੱਖ ਮੰਤਰੀਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕੀਤਾ ਜਾਵੇਗਾ। ਉਥੇ ਹੀ, ਸਰਕਾਰੀ ਪ੍ਰੋਗਰਾਮਾਂ ਦੌਰਾਨ ਕਾਲੇ ਝੰਡਿਆਂ ਨਾਲ ਮੰਤਰੀਆਂ ਦਾ ਵਿਰੋਧ ਕੀਤਾ ਜਾਵੇਗਾ।

ਠੇਕਾ ਵਰਕਰਾਂ ਨੂੰ ਪੱਕਾ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਯੂਨੀਅਨ ’ਚ ਗੁੱਸਾ ਵਧ ਚੁੱਕਾ ਹੈ। ਠੇਕਾ ਵਰਕਰਾਂ ਵੱਲੋਂ ਤਨਦੇਹੀ ਨਾਲ ਡਿਊਟੀ ਕੀਤੀ ਜਾ ਰਹੀ ਹੈ ਪਰ ਮੰਗਾਂ ਪੂਰੀਆਂ ਨਾ ਹੋਣ ਕਾਰਨ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ’ਚ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਲਾਭ ਵਾਲੇ ਕਾਊਂਟਰ ਟਾਈਮ ਦੇਣ ਦਾ ਵਿਰੋਧ ਪ੍ਰਗਟਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਨੂੰ ਘੱਟ ਯਾਤਰੀ ਗਿਣਤੀ ਵਾਲੇ ਟਾਈਮ ਦੇ ਕੇ ਵਿਭਾਗ ਨੂੰ ਖੋਖਲਾ ਕੀਤਾ ਜਾ ਰਿਹਾ ਹੈ। ਵਿਭਾਗੀ ਅਧਿਕਾਰੀਆਂ ਦੀ ਕਥਨੀ ਅਤੇ ਕਰਨੀ ’ਚ ਫਰਕ ਦੱਸਦੇ ਹੋਏ ਯੂਨੀਅਨ ਆਗੂਆਂ ਨੇ ਕਿਹਾ ਕਿ ਹਰ ਵਾਰ ਭਰੋਸੇ ਦਾ ਲਾਲੀਪਾਪ ਦੇ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਰੱਖਦੇ ਹੋਏ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ।

ਲੋਨ ’ਤੇ ਬੱਸਾਂ ਖਰੀਦਣ ਦੀ ਮਨਜ਼ੂਰੀ ਦੇਣ ਦੀ ਮੰਗ

ਬੁਲਾਰਿਆਂ ਨੇ ਕਿਹਾ ਕਿ ਯੂਨੀਅਨ ਵੱਲੋਂ ਪੰਜਾਬ ਦੀ ਜਨਤਾ ਨੂੰ ਜਾਗਰੂਕ ਕਰਨ ਲਈ ਬੱਸਾਂ ’ਚ ਪ੍ਰਚਾਰ ਕੀਤਾ ਜਾਵੇਗਾ ਅਤੇ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪਨਬੱਸ ਅਤੇ ਪੀ. ਆਰ. ਟੀ. ਸੀ. ਨੂੰ ਆਪਣੇ ਪੱਧਰ ’ਤੇ ਲੋਨ ਲੈ ਕੇ ਬੱਸਾਂ ਖਰੀਦਣੀਆਂ ਹੁੰਦੀਆੰ ਹਨ ਪਰ ਸਰਕਾਰ ਇਸ ਪ੍ਰਕਿਰਿਆ ਨੂੰ ਮਨਜ਼ੂਰੀ ਨਹੀਂ ਦੇ ਰਹੀ, ਜਿਸ ਤੋਂ ਜਾਪ ਰਿਹਾ ਹੈ ਕਿ ਵਿਭਾਗ ਦਾ ਨਿੱਜੀਕਰਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਯੂਨੀਅਨ ਇਸ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਕਿਸੇ ਵੀ ਕੀਮਤ ’ਤੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ।

By Gurpreet Singh

Leave a Reply

Your email address will not be published. Required fields are marked *