ਗੁਰਦਾਸਪੁਰ ਨੇੜੇ ਪਿੰਡ ਪੰਥੇੜ ਵਿਖੇ ਰਾਤ ਨੂੰ ਜ਼ੋਰਦਾਰ ਧਮਾਕਾ, ਪੁਲਿਸ ਜਾਂਚ ’ਚ ਜੁਟੀ

ਗੁਰਦਾਸਪੁਰ ਨੇੜੇ ਪਿੰਡ ਪੰਥੇੜ ਵਿਖੇ ਰਾਤ ਨੂੰ ਜ਼ੋਰਦਾਰ ਧਮਾਕਾ, ਪੁਲਿਸ ਜਾਂਚ ’ਚ ਜੁਟੀ

ਗੁਰਦਾਸਪੁਰ (ਨੈਸ਼ਨਲ ਟਾਈਮਜ਼): ਬੀਤੀ ਰਾਤ ਕਰੀਬ 1:30 ਵਜੇ ਗੁਰਦਾਸਪੁਰ-ਤਿੱਬੜੀ ਰੋਡ ’ਤੇ ਪਿੰਡ ਪੰਥੇੜ ਨੇੜੇ ਅਸਮਾਨ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਪੂਰਾ ਇਲਾਕਾ ਦਹਿਲ ਗਿਆ। ਇਸ ਘਟਨਾ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ, ਹਾਲਾਂਕਿ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ। ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਆਦਿਤਿਆ, ਪੁਲਿਸ ਅਧਿਕਾਰੀਆਂ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਸਮੇਤ ਮੌਕੇ ’ਤੇ ਪਹੁੰਚੇ ਅਤੇ ਬੰਬ ਦੇ ਅਵਸ਼ੇਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ।

ਅਸਮਾਨ ’ਚ ਫਟੇ ਬੰਬ ਦੇ ਅਵਸ਼ੇਸ਼ ਕਰੀਬ ਦੋ ਏਕੜ ਖੇਤਰ ਵਿੱਚ ਖਿਲਰੇ ਹੋਏ ਮਿਲੇ, ਅਤੇ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ ਹੈ। ਹੁਣ ਤੱਕ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ, ਕਿਉਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਬੰਬ ਕਿਵੇਂ ਫਟਿਆ, ਕਿੱਥੋਂ ਆਇਆ ਅਤੇ ਕਿਸ ਨੇ ਇਸ ਨੂੰ ਸੁੱਟਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਰਾਤ 1:30 ਵਜੇ ਇਹ ਧਮਾਕਾ ਹੋਇਆ, ਉਸ ਸਮੇਂ ਅਸਮਾਨ ਵਿੱਚ ਜਹਾਜ਼ ਜਾਂ ਕਿਸੇ ਹੋਰ ਚੀਜ਼ ਦੀ ਕੋਈ ਆਵਾਜ਼ ਨਹੀਂ ਸੁਣੀ ਗਈ। ਰਾਤ ਨੂੰ ਲੋਕ ਸਹਿਮੇ ਰਹੇ, ਅਤੇ ਸਵੇਰੇ ਪਤਾ ਲੱਗਾ ਕਿ ਖੇਤਾਂ ਵਿੱਚ ਬੰਬ ਦੇ ਟੁਕੜੇ ਖਿਲਰੇ ਪਏ ਹਨ।

ਕੀ ਕਹਿਣਾ ਹੈ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਆਦਿਤਿਆ ਦਾ?

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਆਦਿਤਿਆ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ, “ਮੈਂ ਖੁਦ ਮੌਕੇ ’ਤੇ ਜਾ ਕੇ ਵੇਖਿਆ ਹੈ ਅਤੇ ਇਸ ਮਾਮਲੇ ਦੀ ਹਰ ਪੱਧਰ ’ਤੇ ਜਾਂਚ ਕੀਤੀ ਜਾ ਰਹੀ ਹੈ।” ਉਨ੍ਹਾਂ ਕਿਹਾ ਕਿ ਹੁਣੇ ਕੁਝ ਵੀ ਪੱਕੇ ਤੌਰ ’ਤੇ ਕਹਿਣਾ ਮੁਸ਼ਕਲ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਡਰ ਦੀ ਲੋੜ ਨਹੀਂ ਹੈ। ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੀਡੀਆ ਨੂੰ ਵੀ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

By Gurpreet Singh

Leave a Reply

Your email address will not be published. Required fields are marked *