ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਅੰਮ੍ਰਿਤਸਰ ਵਿੱਚ ਅੱਜ ਦੂਜੀ ਵਾਰ ਦੇਰ ਰਾਤ ਬਿਜਲੀ ਹੋਈ ਬੰਦ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵਿੱਚ ਦੇਰ ਰਾਤ ਦੂਜੀ ਵਾਰ ਬਲੈਕ ਆਊਟ ਹੋਇਆ, ਕਰੀਬ 1 ਵੱਜੇ ਤੋਂ ਲੈਕੇ 4 ਵੱਜੇ ਤੱਕ ਇਹ ਬਲੈਕ ਆਊਟ ਰਿਹਾ। ਸਿਵਲ ਡਿਫੈਂਸ ਡ੍ਰਿਲ ਦੇ ਹਿੱਸੇ ਵਜੋਂ ਅੰਮ੍ਰਿਤਸਰ ‘ਚ ਮੁੜ ਬਲੈਕਆਊਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤ 10:30 ਵਜੇ ਤੋਂ 11:00 ਵਜੇ ਤੱਕ ਬਲੈਕਆਊਟ ਦੀ ਰਿਹਰਸਲ ਕੀਤੀ ਸੀ, ਜਿਸ ਦੋਰਾਨ ਅੰਮ੍ਰਿਤਸਰ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਧਮਾਕੇ ਦੀਆਂ ਆਵਾਜ਼ਾਂ ਆ ਰਹੀਆਂ ਹਨ ਤੇ ਡਰ ਦਾ ਮਾਹੌਲ ਸੀ।
ਡੀ.ਪੀ.ਆਰ.ਓ. ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ “ਕਿਰਪਾ ਕਰਕੇ ਆਪਣੇ ਘਰਾਂ ਵਿੱਚ ਰਹੋ, ਘਬਰਾਓ ਨਾ ਅਤੇ ਘਰਾਂ ਦੇ ਬਾਹਰ ਇਕੱਠੇ ਨਾ ਹੋਵੋ; ਬਾਹਰਲੀਆਂ ਲਾਈਟਾਂ ਬੰਦ ਰੱਖੋ।”
ਜੇਕਰ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਵੀ ਇਨ੍ਹਾਂ ਧਮਾਕਿਆਂ ਬਾਰੇ ਬੜੀ ਤੇਜੀ ਨਾਲ ਚਰਚਾ ਸ਼ੁਰੂ ਹੋ ਗਈ ਹੈ। ਘਬਰਾਹਟ ਵਿੱਚ, ਲੋਕ ਦੇਰ ਰਾਤ ਤੱਕ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਫ਼ੋਨ ਕਰਦੇ ਰਹੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਰਹੇ। ਹਾਲਾਂਕਿ, ਕਿਸੇ ਵੀ ਅਧਿਕਾਰੀ ਨੇ ਧਮਾਕਿਆਂ ਦੀ ਪੁਸ਼ਟੀ ਨਹੀਂ ਕੀਤੀ ਅਤੇ ਪ੍ਰਸ਼ਾਸਨ ਵੱਲੋਂ ਇਹ ਕੇਹਾ ਗਿਆ ਕਿ ਮੋਕ ਡਰਿੱਲ ਦਾ ਹਿੱਸਾ ਹੈ, ਡਰੋ ਨਾ ਤੇ ਆਪਣੇ ਘਰਾਂ ਚ ਰਹੋ।
ਜ਼ਿਕਰਯੋਗ ਹੈ ਕਿ ਫਿਲਹਾਲ ਹੁਣ ਤੱਕ ਕੋਈ ਵੀ ਅਜਿਹੀ ਖ਼ਬਰ ਸਾਹਮਣੇ ਨਹੀਂ ਆਈ ਜਿਸ ਵਿਚ ਕਿਸੇ ਨੂੰ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਜਾਂ ਕੋਈ ਹਾਦਸਾਗ੍ਰਸਤ ਹੋਵੇ। ਅੰਮ੍ਰਿਤਸਰ ਸ਼ਹਿਰ ਪੂਰੀ ਤਰ੍ਹਾਂ ਸੁਰੱਖਿਅਤ ਹੈ।