ਨੈਸ਼ਨਲ ਟਾਈਮਜ਼ ਬਿਊਰੋ :- ਆਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ’ਚ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਤੇ ਹਿਜ਼ਬੁਲ ਮੁਜਾਹਿਦੀਨ ਦੇ ਮੁੱਖ ਦਫ਼ਤਰਾਂ ਸਮੇਤ ਵੱਡੇ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਅੱਤਵਾਦੀਆਂ ਦੇ ਨਵੇਂ ਟਿਕਾਣਿਆਂ ਦੀ ਤਲਾਸ਼ ਵਿਚ ਲੱਗ ਗਈਆਂ ਹਨ। ਜ਼ਰੂਰਤ ਪਈ ਅਤੇ ਸਮਾਂ ਢੁੱਕਵਾਂ ਹੋਇਆ ਤਾਂ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਖ਼ੁਫ਼ੀਆ ਏਜੰਸੀਆਂ ਮੁਤਾਬਕ ਭਾਰਤ ਦੀ ਸੰਭਾਵਿਤ ਕਾਰਵਾਈ ਨੂੰ ਦੇਖਦੇ ਹੋਏ ਪਾਕਿਸਤਾਨ ਨੇ ਪਹਿਲਾਂ ਹੀ ਮਸੂਦ ਅਜ਼ਹਰ, ਹਾਫਿਜ਼ ਸਈਦ ਤੇ ਸਈਅਦ ਸਲਾਉੱਦੀਨ ਸਮੇਤ ਵੱਡੇ ਅੱਤਵਾਦੀਆਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾ ਦਿੱਤਾ ਸੀ। ਇਸ ਤੋਂ ਇਲਾਵਾ ਮਕਬੂਜ਼ਾ ਕਸ਼ਮੀਰ ਦੇ ਲਾਂਚ ਪੈਡ ’ਤੇ ਮੌਜੂਦ ਅੱਤਵਾਦੀਆਂ ਨੂੰ ਵੀ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾ ਦਿੱਤਾ ਗਿਆ ਸੀ।
ਸੁਰੱਖਿਆ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਲਈ ਬਹੁਤ ਸੁਰੱਖਿਅਤ ਮੰਨੇ ਜਾਣ ਵਾਲੇ ਇਨ੍ਹਾਂ ਟਿਕਾਣਿਆਂ ਨੂੰ ਨਸ਼ਟ ਕਰ ਕੇ ਭਾਰਤ ਨੇ ਇਕ ਵੱਡਾ ਸੰਦੇਸ਼ ਤਾਂ ਦੇ ਦਿੱਤਾ ਹੈ ਪਰ ਅੱਤਵਾਦੀ ਸਰਗਨਿਆਂ ਨੂੰ ਖ਼ਤਮ ਕਰਨ ਦਾ ਕੰਮ ਬਾਕੀ ਹੈ। ਉਨ੍ਹਾਂ ਮੁਤਾਬਕ, ‘ਆਪਰੇਸ਼ਨ ਸਿੰਦੂਰ’ ਵਿਚ ਮਾਰੇ ਗਏ ਅੱਤਵਾਦੀਆਂ ਦੀ ਸਹੀ ਗਿਣਤੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸ਼ੁਰੂਆਤੀ ਅਨੁਮਾਨ ਵਿਚ ਇਹ ਗਿਣਤੀ 300 ਤੋਂ ਵੱਧ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਬਹਾਵਲਪੁਰ ਵਿਚ ਹੋਏ ਹਮਲੇ ’ਚ ਮਸੂਦ ਅਜ਼ਹਰ ਦੇ ਪਰਿਵਾਰ ਦੇ 10 ਤੋਂ 13 ਮੈਂਬਰਾਂ ਦੇ ਮਾਰੇ ਜਾਣ ਦੀ ਵੀ ਜਾਣਕਾਰੀ ਮਿਲ ਰਹੀ ਹੈ। ਪਰਿਵਾਰ ਦੇ ਮੈਂਬਰਾਂ ਦੀ ਮੌਤ ਨਾਲ ਦੁਖੀ ਮਸੂਦ ਅਜ਼ਹਰ ਖ਼ੁਦ ਦੀ ਮੌਤ ਦੀ ਕਾਮਨਾ ਕਰ ਰਿਹਾ ਹੈ।
ਸੀਨੀਅਰ ਅਧਿਕਾਰੀ ਮੁਤਾਬਕ ਪਾਕਿਸਤਾਨੀ ਫੌਜ ਤੇ ਆਈਐੱਸਆਈ ਲਈ ਹੁਣ ਅੱਤਵਾਦੀਆਂ ਦੇ ਨਵੇਂ ਟਿਕਾਣੇ ਤਿਆਰ ਕਰਨਾ ਵੀ ਆਸਾਨ ਨਹੀਂ ਹੋਵੇਗਾ। ਪਾਕਿਸਤਾਨ ਦੇ ਪੰਜਾਬ ਸੂਬੇ ’ਚ ਸਥਿਤ ਅੱਤਵਾਦੀ ਟਿਕਾਣੇ ਸੁਰੱਖਿਅਤ ਮੰਨੇ ਜਾਂਦੇ ਸਨ। ਇਸ ਦੇ ਨਾਲ ਹੀ ਅਫਗਾਨਿਸਤਾਨ ਨਾਲ ਲੱਗਦੇ ਖ਼ੈਬਰ ਪਖ਼ਤੂਨਖਵਾ ਵਿਚ ਵੀ ਪਹਿਲਾਂ ਅੱਤਵਾਦੀਆਂ ਦੇ ਕੁਝ ਛੋਟੇ-ਛੋਟੇ ਕੈਂਪ ਸਨ, ਪਰ ਤਾਲਿਬਾਨ ਨਾਲ ਤਣਾਅ ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਮਜ਼ਬੂਤ ਹੋਣ ਤੋਂ ਬਾਅਦ ਉਨ੍ਹਾਂ ਕੈਂਪਾਂ ਨੂੰ ਬੰਦ ਕਰ ਕੇ ਅੱਤਵਾਦੀਆਂ ਨੂੰ ਪੰਜਾਬ ਤੇ ਕਸ਼ਮੀਰ ਦੇ ਕੈਂਪਾਂ ’ਚ ਸ਼ਿਫਟ ਕਰ ਦਿੱਤਾ ਗਿਆ ਸੀ। ਬਲੋਚਿਸਤਾਨ ਵਿਚ ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਦੇ ਕਾਫੀ ਮਜ਼ਬੂਤ ਹੋਣ ਤੋਂ ਬਾਅਦ ਉਹ ਵੀ ਅੱਤਵਾਦੀਆਂ ਲਈ ਸੁਰੱਖਿਅਤ ਨਹੀਂ ਰਹਿ ਗਿਆ। ਭਾਰਤੀ ਏਜੰਸੀਆਂ ਨੂੰ ਖ਼ਦਸ਼ਾ ਹੈ ਕਿ ਪਾਕਿਸਤਾਨ ਪੰਜਾਬ ਵਿਚ ਹੀ ਛੋਟੇ-ਛੋਟੇ ਅੱਤਵਾਦੀ ਕੈਂਪ ਬਣਾ ਕੇ ਇਨ੍ਹਾਂ ਅੱਤਵਾਦੀਆਂ ਨੂੰ ਪਨਾਹ ਦੇਣ ਦੀ ਕੋਸ਼ਿਸ਼ ਕਰੇਗਾ। ਅੱਤਵਾਦੀਆਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ।