ਚੰਡੀਗੜ੍ਹ, 9 ਮਈ 2025 : ਚੰਡੀਗੜ੍ਹ ਵਿੱਚ ਸੁਰੱਖਿਆ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸਨ ਨੇ ਦੋ ਮਹੱਤਵਪੂਰਕ ਹੁਕਮ ਜਾਰੀ ਕਰ ਦਿੱਤੇ ਹਨ। ਇਹ ਦੋਵੇਂ ਹੁਕਮ ਭਾਰਤੀਆ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਜਾਰੀ ਕੀਤੇ ਗਏ ਹਨ ਅਤੇ ਇਹ 9 ਮਈ ਤੋਂ ਲਾਗੂ ਹੋ ਕੇ 7 ਜੁਲਾਈ 2025 ਤੱਕ ਪ੍ਰਭਾਵੀ ਰਹਿਣਗੇ। ਉਕਤ ਹੁਕਮਾਂ ਅਨੁਸਾਰ ਆਤਿਸ਼ਬਾਜ਼ੀ, ਫਟਾਕਿਆਂ ਅਤੇ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਵਰਗੀਆਂ ਗਤੀਵਿਧੀਆਂ ’ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਵੱਲੋਂ ਜਾਰੀ ਕੀਤੇ ਪਹਿਲੇ ਹੁਕਮ ਵਿੱਚ ਆਖਿਆ ਗਿਆ ਕਿ ਚੰਡੀਗੜ੍ਹ ਵਿੱਚ ਹੁਣ ਕਿਸੇ ਵੀ ਵਿਆਹ, ਧਾਰਮਿਕ ਸਮਾਰੋਹ ਜਾਂ ਹੋਰ ਕਿਸੇ ਵੀ ਤਿਉਹਾਰ ਦੌਰਾਨ ਆਤਿਸ਼ਬਾਜ਼ੀ ਜਾਂ ਫਟਾਕਿਆਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਹ ਫੈਸਲਾ ਹਾਲ ਹੀ ਵਿੱਚ ਪਹਲਗਾਮ (ਜੰਮੂ-ਕਸ਼ਮੀਰ) ਵਿੱਚ ਹੋਏ ਹਮਲੇ ਤੋਂ ਬਾਅਦ ਲਿਆ ਗਿਆ ਹੈ, ਕਿਉਂਕਿ ਧਮਾਕਿਆਂ ਵਾਲੀਆਂ ਆਵਾਜ਼ਾਂ ਆਮ ਜਨਤਾ ਵਿੱਚ ਦਹਿਸ਼ਤ ਪੈਦਾ ਕਰ ਸਕਦੀਆਂ ਹਨ। ਕਿਸੇ ਵੀ ਤਰ੍ਹਾਂ ਦੇ ਆਤਿਸ਼ਬਾਜ਼ੀ ਵਾਲੇ ਸਮਾਗਮ ’ਤੇ ਪਾਬੰਦੀ ਲਾਗੂ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ IPC ਦੀਆਂ ਧਾਰਾਵਾਂ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੂਜੇ ਹੁਕਮ ਅਨੁਸਾਰ ਚੰਡੀਗੜ੍ਹ ਵਿੱਚ ਪੈਟਰੋਲ, ਡੀਜ਼ਲ, ਰਾਸ਼ਨ, ਦੁੱਧ, ਦਵਾਈਆਂ, ਸਬਜ਼ੀਆਂ, ਚੀਨੀ, ਦਾਲਾਂ, ਤੇਲ ਆਦਿ ਜ਼ਰੂਰੀ ਵਸਤੂਆਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਪਰਸ਼ਾਸਨ ਨੇ ਸਾਰੇ ਵਪਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੀ ਮੌਜੂਦਾ ਸਟਾਕ ਸਥਿਤੀ ਦੀ ਜਾਣਕਾਰੀ ਤਿੰਨ ਦਿਨਾਂ ਦੇ ਅੰਦਰ-ਅੰਦਰ ਖੁਰਾਕ ਵਿਭਾਗ ਨੂੰ ਸੌਂਪਣ। ਜੇਕਰ ਕੋਈ ਵਪਾਰੀ ਇਸ ਹੁਕਮ ਦੀ ਉਲੰਘਣਾ ਕਰਦਾ ਹੈ ਤਾਂ ਉਸਦੇ ਖ਼ਿਲਾਫ਼ IPC ਦੀ ਧਾਰਾ 223 ਅਤੇ ਹੋਰ ਲਾਗੂ ਕਾਨੂੰਨੀ ਪ੍ਰਵਧਾਨਾਂ ਅਧੀਨ ਕਾਰਵਾਈ ਕੀਤੀ ਜਾਵੇਗੀ।

ਇਨ੍ਹਾਂ ਦੋ ਹੁਕਮਾਂ ਤੋਂ ਇਲਾਵਾ ਪ੍ਰਸ਼ਾਸਨ ਨੇ ਆਮ ਲੋਕਾਂ ਲਈ ਕੁਝ ਸੁਰੱਖਿਆ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਹੁਕਮ ਅਨੁਸਾਰ ਰਾਤ ਨੂੰ ਲੋਕ ਆਪਣੇ ਘਰਾਂ ਵਿੱਚ ਰਹਿਣ, ਬਿਨਾਂ ਲੋੜ ਘਰੋਂ ਨਾ ਨਿਕਲਣ ਅਤੇ ਘਰ ਦੀਆਂ ਬੱਤੀਆਂ 8 ਵਜੇ ਤੋਂ ਬਾਅਦ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸਦੇ ਨਾਲ ਹੀ ਰਾਤ ਸਮੇਂ ਦਿਤਾ ਜਾਣ ਵਾਲੇ ਕਿਸੇ ਵੀ ਸਾਇਰਨ ਨੂੰ ਮਜ਼ਾਕ ਨਾ ਸਮਝਿਆ ਜਾਵੇ, ਕਿਉਂਕਿ ਇਹ ਕੋਈ ਗੰਭੀਰ ਚੇਤਾਵਨੀ ਹੋ ਸਕਦੀ ਹੈ।

ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਹੈ ਕਿ ਪੈਟਰੋਲ, ਡੀਜ਼ਲ, ਰਾਸ਼ਨ, ਅਤੇ ਹੋਰ ਲੋੜੀਂਦੀਆਂ ਵਸਤੂਆਂ ਦੀ ਉਪਲਬਧਤਾ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਮੰਤਰੀ ਅਤੇ ਵਿਭਾਗੀ ਅਧਿਕਾਰੀ ਸਾਈਟ ’ਤੇ ਮੌਜੂਦ ਰਹਿਣਗੇ ਤਾਂ ਜੋ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਦੀ ਕਿਸੇ ਵੀ ਕੋਸ਼ਿਸ਼ ਨੂੰ ਫੇਲ੍ਹ ਕੀਤਾ ਜਾ ਸਕੇ।