ਪੰਜਾਬੀਆਂ ਲਈ ਅਹਿਮ ਖ਼ਬਰ: ਟਰਾਂਸਪੋਰਟ ਵਿਭਾਗ ਦੀਆਂ 29 ਕਿਸਮਾਂ ਦੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ’ਚ ਮਿਲਣਗੀਆਂ

ਅੰਮ੍ਰਿਤਸਰ- ਰੀਜਨਲ ਟਰਾਂਸਪੋਰਟ ਦਫ਼ਤਰ ਵਲੋਂ ਵਾਹਨਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਡਰਾਈਵਿੰਗ ਟੈਸਟ ਵਰਗੀਆਂ 29 ਤਰ੍ਹਾਂ ਦੀਆਂ ਸੇਵਾਵਾਂ ਹੁਣ ਤੋਂ ਭਵਿੱਖ ਵਿਚ ਸੇਵਾ ਕੇਂਦਰਾਂ ਵਿਚ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਤਹਿਤ ਆਮ ਲੋਕ ਸੇਵਾ ਕੇਂਦਰਾਂ ਤੋਂ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣਗੇ। ਜਾਣਕਾਰੀ ਅਨੁਸਾਰ ਇਸ ਸਬੰਧ ਵਿਚ ਸਕੱਤਰ ਆਰ. ਟੀ. ਏ. ਖੁਸ਼ਦਿਲ ਸਿੰਘ ਸੰਧੂ ਵੱਲੋਂ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਿਖਲਾਈ ਪਿਛਲੇ ਤਿੰਨ ਦਿਨਾਂ ਤੋਂ ਕਰਮਚਾਰੀਆਂ ਨੂੰ ਦਿੱਤੀ ਜਾ ਰਹੀ ਹੈ। ਕਰਮਚਾਰੀਆਂ ਨੂੰ ਇਨ੍ਹਾਂ ਸੇਵਾਵਾਂ ਲਈ ਕਿਵੇਂ ਅਪਲਾਈ ਕਰਨਾ ਹੈ, ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਰਾਜ ਟਰਾਂਸਪੋਰਟ ਕਮਿਸ਼ਨਰ ਵੱਲੋਂ ਪੂਰੇ ਰਾਜ ਦੇ ਖੇਤਰੀ ਟਰਾਂਸਪੋਰਟ ਦਫਤਰਾਂ ਅਤੇ ਐੱਸ. ਡੀ. ਐੱਮਏ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੇਵਾਵਾਂ ਨੂੰ ਸੇਵਾ ਕੇਂਦਰਾਂ ਵਿਚ ਤਬਦੀਲ ਕਰਨ ਸੰਬੰਧੀ ਲਿਖਤੀ ਨਿਰਦੇਸ਼ ਜਾਰੀ ਕੀਤੇ ਗਏ ਹਨ।

ਆਨਲਾਈਨ ਸੇਵਾਵਾਂ ਪ੍ਰਾਪਤ ਕਰਨ ਲਈ, ਜ਼ਿਆਦਾਤਰ ਲੋਕ ਏਜੰਟਾਂ ਦਾ ਸ਼ਿਕਾਰ ਹੋ ਰਹੇ ਸਨ, ਜਿਸ ਕਾਰਨ ਭ੍ਰਿਸ਼ਟਾਚਾਰ ਵੀ ਫੈਲ ਰਿਹਾ ਸੀ ਪਰ ਆਉਣ ਵਾਲੇ ਦਿਨਾਂ ਵਿਚ ਲੋਕ ਨਿਰਧਾਰਤ ਸਰਕਾਰੀ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ ਹੀ ਸੇਵਾ ਕੇਂਦਰਾਂ ਤੋਂ ਅਰਜ਼ੀ ਦੇ ਸਕਣਗੇ।

ਕਿਹੜੀਆਂ-ਕਿਹੜੀਆਂ ਹਨ ਸੇਵਾਵਾਂ 

ਆਉਣ ਵਾਲੇ ਦਿਨਾਂ ਵਿਚ ਲਰਨਿੰਗ ਲਾਇਸੈਂਸ, ਨਵਾਂ ਲਾਇਸੈਂਸ, ਹਾਈਪੋਥੀਕੇਸ਼ਨ, ਐਡੀਸ਼ਨ, ਟਰਮੀਨੇਸ਼ਨ, ਡੁਪਲੀਕੇਟ ਆਰ. ਸੀ, ਟਰਾਂਸਫਰ ਆਫ ਆਨਰਸ਼ਿਪ ਆਦਿ ਸੇਵਾਵਾਂ ਸੇਵਾ ਕੇਂਦਰਾਂ ਵਿਚ ਤਬਦੀਲ ਕੀਤੀਆਂ ਜਾ ਰਹੀਆਂ ਹਨ।

ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ’ਤੇ ਬਦਲੇ ਸਾਰੇ ਕਰਮਚਾਰੀ 

ਵਿਜੀਲੈਂਸ ਵਿਭਾਗ ਵਲੋਂ ਪੂਰੇ ਸੂਬੇ ਭਰ ਵਿਚ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕਾਂ ’ਤੇ ਰੇਡ ਕੀਤੀ ਗਈ ਸੀ, ਕਿਉਕਿ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਟੈਸਟ ਲੈਣ ਦੌਰਾਨ ਭ੍ਰਿਸ਼ਟਾਚਾਰ ਹੋ ਰਿਹਾ ਹੈ। ਏਜੰਟਾਂ ਵਲੋਂ ਭੇਜੇ ਗਏ ਲੋਕਾਂ ਦੇ ਟੈਸਟ ਪਾਸ ਕੀਤੇ ਜਾ ਰਹੇ ਹਨ ਅਤੇ ਏਜੰਟ ਤੋਂ ਬਿਨਾਂ ਟੈਸਟ ਦੇਣ ਵਾਲਾ ਵਿਅਕਤੀ ਟੈਸਟ ਵਿਚ ਫੇਲ੍ਹ ਹੋ ਜਾਂਦਾ ਹੈ, ਹਾਲਾਂਕਿ ਇਸ ਮਾਮਲੇ ਵਿਚ ਲੁਧਿਆਣਾ ਅਤੇ ਕੁਝ ਹੋਰ ਜ਼ਿਲ੍ਹਿਆਂ ਵਿਚ ਏਜੰਟ ਜ਼ਰੂਰ ਫੜੇ ਗਏ ਸਨ ਪਰ ਅੰਮ੍ਰਿਤਸਰ ਵਿਚ ਅਜਿਹਾ ਕੁਝ ਨਹੀਂ ਦੇਖਿਆ ਗਿਆ, ਕਿਉਂਕਿ ਨਵ-ਨਿਯੁਕਤ ਸਕੱਤਰ ਆਰ. ਟੀ. ਏ. ਖੁਸ਼ਦਿਲ ਸਿੰਘ ਨੇ ਅਹੁਦਾ ਸੰਭਾਲਦੇ ਹੀ ਟਰੈਕ ’ਤੇ ਬਹੁਤ ਸਖ਼ਤੀ ਕਰ ਦਿੱਤੀ ਸੀ, ਇੰਨਾ ਹੀ ਨਹੀਂ, ਸਾਲਾਂ ਤੋਂ ਟਰੈਕ ’ਤੇ ਤਾਇਨਾਤ ਕਰਮਚਾਰੀਆਂ ਨੂੰ ਵੀ ਉਨ੍ਹਾਂ ਦੀਆਂ ਸੀਟਾਂ ਤੋਂ ਹਟਾ ਕੇ ਦਫ਼ਤਰ ਦੀਆਂ ਹੋਰ ਸੀਟਾਂ ’ਤੇ ਤਾਇਨਾਤ ਕਰ ਦਿੱਤਾ ਗਿਆ ਸੀ। ਇਨ੍ਹਾਂ ਕਰਮਚਾਰੀਆਂ ਦੇ ਜ਼ਿਲ੍ਹੇ ਤਬਦੀਲ ਕਰਨ ਲਈ ਐੱਸ. ਟੀ. ਸੀ. ਨੂੰ ਲਿਖਤੀ ਰੂਪ ਵਿਚ ਵੀ ਕਿਹਾ ਗਿਆ ਸੀ।

ਸਦਰ ਸੇਵਾ ਕੇਂਦਰ ਦੇ ਬਾਹਰ ਸਰਗਰਮ ਏਜੰਟ ਸਿਕੰਜ਼ੇ ਤੋਂ ਬਾਹਰ 

 ਜਦੋਂ ਵਿਜੀਲੈਂਸ ਵਿਭਾਗ ਨੇ ਆਟੋਮੇਟਿਡ ਡਰਾਈਵਿੰਗ ਟੈਸਟ ਟ੍ਰੈਕ ’ਤੇ ਛਾਪਾ ਮਾਰਿਆ, ਤਾਂ ਕੁਝ ਵੱਡੇ ਏਜੰਟਾਂ ਦੇ ਨਾਲ ਇਕ ਏਜੰਟ ਦਾ ਵੀ ਪਰਦਾਫਾਸ਼ ਹੋਇਆ ਜੋ ਸਦਰ ਸੇਵਾ ਕੇਂਦਰ ਦੇ ਬਾਹਰ ਵਸੀਕਾ ਨਵੀਸ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਡਰਾਈਵਿੰਗ ਲਾਇਸੈਂਸ ਅਤੇ ਹੋਰ ਕੰਮ ਕਰਵਾਉਣ ਲਈ ਮੋਟੀ ਰਿਸ਼ਵਤ ਲੈਂਦਾ ਸੀ।

ਇਹ ਏਜੰਟ ਟਰੈਕ ’ਤੇ ਤਾਇਨਾਤ ਕੁਝ ਕਰਮਚਾਰੀਆਂ ਦੇ ਸੰਪਰਕ ਵਿਚ ਸੀ ਅਤੇ ਲੋਕਾਂ ਦੇ ਟੈਸਟ ਬਿਨਾਂ ਫੋਟੋ ਜਾਂ ਟੈਸਟ ਦਿੱਤੇ ਪਾਸ ਕਰਵਾਉਂਦਾ ਸੀ। ਫਿਲਹਾਲ ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਹੁਣ ਤੱਕ ਇਹ ਏਜੰਟ ਫਰਾਰ ਹੈ।

By Gurpreet Singh

Leave a Reply

Your email address will not be published. Required fields are marked *