ਗੁਰਦਾਸਪੁਰ-ਬੀਤੇ ਕੁਝ ਦਿਨ ਪਹਿਲਾਂ ਬਾਰਿਸ਼ ਹੋਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਸੀ ਅਤੇ ਸਵੇਰੇ-ਸ਼ਾਮ ਮੌਸਮ ਠੰਢਾ ਹੋਣ ਕਾਰਨ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਸਨ ਪਰ 2 ਦਿਨ ਤੋਂ ਲਗਾਤਾਰ ਆਸਮਾਨ ’ਚ ਸੂਰਜ ਦੇਵਤਾ ਦੇ ਚਮਕਣ ਕਾਰਨ ਗਰਮੀ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਜਦੋਂਕਿ ਗਰਮੀ ਦੇ ਕਹਿਰ ਕਾਰਨ ਜਿੱਥੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ, ਉੱਥੇ ਮਜ਼ਦੂਰ ਵਰਗ ਤੋਂ ਇਲਾਵਾ ਬਾਜ਼ਾਰ ’ਚ ਵੀ ਮੰਦੀ ਛਾਈ ਨਜ਼ਰ ਆ ਰਹੀ ਹੈ ਅਤੇ ਸੜਕਾਂ ’ਤੇ ਆਵਾਜਾਈ ਵੀ ਨਾਮਾਤਰ ਦਿਖਾਈ ਦੇ ਰਹੀ ਹੈ।
ਲੋਕ ਘਰੋਂ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਬਾਜ਼ਾਰਾਂ ’ਚ ਨਾਮਾਤਰ ਆਵਾਜਾਈ ਨਜ਼ਰ ਆ ਰਹੀ ਹੈ। ਸੜਕਾਂ ਵੀ ਜ਼ਿਆਦਾਤਰ ਖਾਲੀ ਹੀ ਨਜ਼ਰ ਆ ਰਹੀਆਂ ਹਨ। ਦੋਪਹੀਆ ਵਾਹਨ ਚਾਲਕ ਆਪਣੇ ਮੂੰਹ ’ਤੇ ਰੁਮਾਲ ਬੰਨ੍ਹ ਕੇ ਸਫਰ ਕਰ ਰਹੇ ਹਨ ਤਾਂ ਕਿ ਗਰਮੀ ਦੇ ਕਹਿਰ ਤੋਂ ਬਚਿਆ ਜਾ ਸਕੇ। ਇਸ ਗਰਮੀ ਦੇ ਕਹਿਰ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਸਕੂਲਾਂ ਦੇ ਵਿਦਿਆਰਥੀ ਹੋ ਰਹੇ ਹਨ। ਇਸ ਤੋਂ ਇਲਾਵਾ ਮਜ਼ਦੂਰ ਵਰਗ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸ਼ਹਿਰ ਦੀਆਂ ਸੜਕਾਂ ਦੇ ਵਿਚੋਂ-ਵਿਚ ਬਣੇ ਡਿਵਾਈਡਰਾਂ ਅਤੇ ਸ਼ਹਿਰ ’ਚ ਬਣਾਏ ਗਏ ਸੁੰਦਰ ਚੌਕਾਂ ’ਚ ਸ਼ਹਿਰ ਦੀ ਸੁੰਦਰਤਾ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਕਈ ਤਰ੍ਹਾਂ ਦੇ ਬੂਟੇ ਲਾਏ ਗਏ ਹਨ ਤਾਂ ਕਿ ਸ਼ਹਿਰ ਵਾਸੀਆਂ ਨੂੰ ਸ਼ੁੱਧ ਹਵਾ ਪ੍ਰਾਪਤ ਹੋ ਸਕੇ ਪਰ ਇਨ੍ਹਾਂ ਦਰੱਖਤਾਂ ਦੀ ਸੰਭਾਲ ਕਰਨ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਇਹ ਦਰੱਖਤ ਗਰਮੀ ਕਾਰਨ ਪਿਆਸੇ ਤਰਸ ਰਹੇ ਹਨ ਅਤੇ ਕਈ ਦਰੱਖਤ ਗਰਮੀ ਦੇ ਕਾਰਨ ਸੁੱਕ ਚੁੱਕੇ ਹਨ।
ਕੀ ਕਹਿਣੈ ਸਿਹਤ ਵਿਭਾਗ ਦੇ ਅਧਿਕਾਰੀਆਂ
ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਗਰਮੀ ਦੇ ਕਹਿਰ ਤੋਂ ਬਚਨ ਲਈ ਸਾਨੂੰ ਜੇਕਰ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਲੋੜੀਂਦੀ ਮਾਤਰਾ ’ਚ ਪਾਣੀ ਪੀਓ, ਕੱਪੜੇ ਖੁੱਲ੍ਹੇ ਅਤੇ ਹਲਕੇ ਰੰਗ ਦੇ ਪਾਓ, ਘਰ ’ਚ ਓ. ਆਰ. ਐੱਸ. ਦਾ ਘੋਲ ਰੱਖੋ, ਜੰਕ ਫੂਡ ਨਾ ਖਾਓ, ਤਾਜ਼ਾ ਫਲ, ਸਲਾਦ ਅਤੇ ਘਰ ਦਾ ਬਣਿਆ ਖਾਣਾ ਹੀ ਖਾਓ, ਜੇਕਰ ਕਿਸੇ ਨੂੰ ਲੂ ਲੱਗ ਗਈ ਹੈ ਤਾਂ ਉਸ ਨੂੰ ਆਈਸਪੈਕ ਅਤੇ ਠੰਢੇ ਪਾਣੀ ਨਾਲ ਠੰਢਾ ਕਰਨ ਦੀ ਕੋਸ਼ਿਸ਼ ਕਰੋ, ਫਿਰ ਉਸ ਨੂੰ ਤੁਰੰਤ ਹਸਪਤਾਲ ਲੈ ਜਾਓ। ਗਰਮੀ ਦੇ ਮੌਸਮ ’ਚ ਖਾਣ-ਪੀਣ ਦਾ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਨਿੰਬੂ ਪਾਣੀ ਸਮੇਤ ਹੋਰ ਤਰਲ ਪਦਾਰਥ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਾਜ਼ਾਰ ਜਾਣ ਵਾਲੇ ਆਪਣੇ ਚਿਹਰੇ ਨੂੰ ਰੁਮਾਲ ਨਾਲ ਢੱਕਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।