ਅੰਮ੍ਰਿਤਸਰ (ਨੈਸ਼ਨਲ ਟਾਈਮਜ਼): ਮਸ਼ਹੂਰ ਯੂਟਿਊਬਰ ਧਰੁਵ ਰਾਠੀ ਦੇ ਸਿੱਖ ਗੁਰੂ ਸਾਹਿਬਾਨ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਐਨੀਮੇਸ਼ਨ ਰਾਹੀਂ ਸਿੱਖ ਇਤਿਹਾਸ ‘ਤੇ ਬਣਾਈ ਵੀਡੀਓ ਨੂੰ ਲੈ ਕੇ ਸਿੱਖ ਭਾਈਚਾਰੇ ਵੱਲੋਂ ਸਖਤ ਵਿਰੋਧ ਤੋਂ ਬਾਅਦ ਰਾਠੀ ਨੇ ਵਿਵਾਦਤ ਵੀਡੀਓ ਨੂੰ ਯੂਟਿਊਬ ਤੋਂ ਹਟਾ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ’ਤੇ ਕਰੜਾ ਨੋਟਿਸ ਲੈਂਦਿਆਂ ਰਾਠੀ ’ਤੇ ਸਰਕਾਰੀ ਕਾਰਵਾਈ ਦੀ ਮੰਗ ਕੀਤੀ ਸੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਸ਼ਬਦਾਂ ’ਚ ਕਿਹਾ, “ਗੁਰੂ ਸਾਹਿਬ ’ਤੇ ਫਿਲਮ ਬਣਾਉਣ ਦਾ ਕਿਸੇ ਨੂੰ ਕੋਈ ਹੱਕ ਨਹੀਂ। ਸਿੱਖ ਭਾਈਚਾਰੇ ਨੇ ਪਹਿਲਾਂ ਹੀ ਫੈਸਲਾ ਕੀਤਾ ਹੋਇਆ ਹੈ ਕਿ ਗੁਰੂ ਸਾਹਿਬਾਨ ’ਤੇ ਕੋਈ ਵੀ ਫਿਲਮ ਨਹੀਂ ਬਣਾਈ ਜਾ ਸਕਦੀ। ਧਰੁਵ ਰਾਠੀ ਨੇ ਪੋਲ ਰਾਹੀਂ ਲੋਕਾਂ ਤੋਂ ਸੁਝਾਅ ਮੰਗੇ ਕਿ ਵੀਡੀਓ ਹਟਾਇਆ ਜਾਵੇ ਜਾਂ ਨਹੀਂ, ਪਰ ਜਦੋਂ ਸਿੱਖਾਂ ਨੇ ਇਸ ਸਬੰਧੀ ਪਹਿਲਾਂ ਹੀ ਸਪੱਸ਼ਟ ਫੈਸਲੇ ਲਏ ਹਨ, ਤਾਂ ਸੁਝਾਅ ਦੀ ਲੋੜ ਹੀ ਕੀ ਹੈ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਧਰੁਵ ਰਾਠੀ ’ਤੇ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਉਸ ਨੇ ਨਾ ਸਿਰਫ਼ AI ਰਾਹੀਂ ਗੁਰੂ ਸਾਹਿਬਾਨ ’ਤੇ ਵੀਡੀਓ ਬਣਾਇਆ, ਸਗੋਂ ਸਿੱਖ ਇਤਿਹਾਸ ਦੀ ਕਹਾਣੀ ਨਾਲ ਵੀ ਛੇੜਛਾੜ ਕੀਤੀ।”
ਧਰੁਵ ਰਾਠੀ ਦੇ ਵੀਡੀਓ ’ਚ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਨੂੰ AI ਐਨੀਮੇਸ਼ਨ ਰਾਹੀਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸਿੱਖ ਭਾਈਚਾਰੇ ਨੇ ਗੁਰੂ ਸਾਹਿਬ ਦੇ ਸਤਿਕਾਰ ਅਤੇ ਸਿੱਖ ਪਰੰਪਰਾਵਾਂ ਦੀ ਉਲੰਘਣਾ ਮੰਨਿਆ। ਸੋਸ਼ਲ ਮੀਡੀਆ ’ਤੇ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਤਿੱਖੇ ਵਿਰੋਧ ਤੋਂ ਬਾਅਦ ਰਾਠੀ ਨੇ ਵੀਡੀਓ ਨੂੰ ਹਟਾਉਣ ਦਾ ਫੈਸਲਾ ਕੀਤਾ।
ਸ੍ਰੀ ਅਕਾਲ ਤਖਤ ਸਾਹਿਬ ਦੇ ਨੋਟਿਸ ਅਤੇ ਸਿੱਖ ਭਾਈਚਾਰੇ ਦੇ ਦਬਾਅ ਨੇ ਇੱਕ ਵਾਰ ਫਿਰ ਧਾਰਮਿਕ ਮਸਲਿਆਂ ਨੂੰ ਡਿਜੀਟਲ ਪਲੈਟਫਾਰਮਾਂ ’ਤੇ ਪੇਸ਼ ਕਰਨ ਸਬੰਧੀ ਸੰਵੇਦਨਸ਼ੀਲਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ।
ਜਥੇਦਾਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਜਾਣ। ਹੁਣ ਤੱਕ ਧਰੁਵ ਰਾਠੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨੋਟਿਸ ’ਤੇ ਕੋਈ ਅਧਿਕਾਰਤ ਜਵਾਬ ਨਹੀਂ ਦਿੱਤਾ ਗਿਆ, ਪਰ ਵੀਡੀਓ ਹਟਾਉਣ ਨਾਲ ਸਿੱਖ ਭਾਈਚਾਰੇ ’ਚ ਕੁਝ ਹੱਦ ਤੱਕ ਰੋਸ ਘਟਿਆ ਹੈ।