ਸਤਨਾਮ ਸਿੰਘ ਆਹਲੂਵਾਲੀਆ ਨੇ ਥਾਈਲੈਂਡ ’ਚ ਕਿਰਪਾਨ ਦੀ ਲੜਾਈ ਜਿੱਤੀ, ਸਿੱਖ ਹੱਕਾਂ ਦੀ ਰਾਖੀ ਲਈ ਮਿਸਾਲ ਕਾਇਮ

ਸਤਨਾਮ ਸਿੰਘ ਆਹਲੂਵਾਲੀਆ ਨੇ ਥਾਈਲੈਂਡ ’ਚ ਕਿਰਪਾਨ ਦੀ ਲੜਾਈ ਜਿੱਤੀ, ਸਿੱਖ ਹੱਕਾਂ ਦੀ ਰਾਖੀ ਲਈ ਮਿਸਾਲ ਕਾਇਮ

ਕੋਲਕਾਤਾ (ਨੈਸ਼ਨਲ ਟਾਈਮਜ਼): ਪੱਛਮੀ ਬੰਗਾਲ ਦੇ ਘੱਟ ਗਿਣਤੀ ਕਮਿਸ਼ਨ ਦੇ ਸਿੱਖ ਮੈਂਬਰ ਸਤਨਾਮ ਸਿੰਘ ਆਹਲੂਵਾਲੀਆ ਨੇ ਥਾਈਲੈਂਡ ਵਿੱਚ ਕਿਰਪਾਨ ਦੇ ਸਤਿਕਾਰ ਨੂੰ ਲੈ ਕੇ ਲੜਾਈ ਲੜਦਿਆਂ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਸਫਲਤਾ ’ਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸ. ਕੁਲਦੀਪ ਸਿੰਘ ਗੜਗੱਜ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜੇ ਹਰ ਸਿੱਖ ਸਤਨਾਮ ਸਿੰਘ ਵਾਂਗ ਆਪਣੇ ਹੱਕਾਂ ਲਈ ਡਟ ਕੇ ਲੜੇ, ਤਾਂ ਸਿੱਖ ਕੌਮ ਦੀ ਤਕਦੀਰ ਬਦਲ ਸਕਦੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਤਨਾਮ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਉਹ 12 ਅਪ੍ਰੈਲ ਨੂੰ ਇੱਕ ਨਿੱਜੀ ਪ੍ਰੋਗਰਾਮ ਲਈ ਥਾਈਲੈਂਡ ਗਏ ਸਨ ਅਤੇ ਉਨ੍ਹਾਂ ਨੇ ਸ਼ੰਗਰੀਲਾ ਹੋਟਲ ਵਿੱਚ ਬੁਕਿੰਗ ਕਰਵਾਈ ਸੀ। ਹੋਟਲ ਦੇ ਸਟਾਫ ਨੇ ਉਨ੍ਹਾਂ ਦੀ ਕਿਰਪਾਨ ਨੂੰ ਚਾਕੂ ਨਾਲ ਜੋੜਦਿਆਂ ਉਤਾਰਨ ਲਈ ਕਿਹਾ। ਆਹਲੂਵਾਲੀਆ ਨੇ ਸਪੱਸ਼ਟ ਕੀਤਾ ਕਿ ਕਿਰਪਾਨ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਹੈ ਅਤੇ ਇਹ ਕੋਈ ਸਾਧਾਰਨ ਚਾਕੂ ਨਹੀਂ।

ਉਨ੍ਹਾਂ ਨੇ ਦੱਸਿਆ ਕਿ ਹੋਟਲ ਸਟਾਫ ਨਾਲ ਲਗਭਗ 4 ਘੰਟੇ ਤਕ ਬਹਿਸ ਚੱਲੀ। ਉਨ੍ਹਾਂ ਨੇ ਸਟਾਫ ਨੂੰ ਥਾਈਲੈਂਡ ਵਿੱਚ ਸਿੱਖ ਭਾਈਚਾਰੇ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੂੰ ਥਾਈ ਸਰਕਾਰ ਨੇ ਘੱਟ ਗਿਣਤੀ ਦਾ ਦਰਜਾ ਦਿੱਤਾ ਹੋਇਆ ਹੈ। ਆਹਲੂਵਾਲੀਆ ਨੇ ਸਹਾਇਤਾ ਅਤੇ ਨੈਤਿਕ ਸਮਰਥਨ ਲਈ ਥਾਈਲੈਂਡ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦਾ ਫੋਨ ਨਾ ਚੁੱਕਿਆ ਗਿਆ। ਇਸ ਤੋਂ ਬਾਅਦ, ਉਨ੍ਹਾਂ ਜਪਾਨ ਦੇ ਗੁਰਦੁਆਰੇ ਦੇ ਪ੍ਰਧਾਨ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਜਨਰਲ ਸਕੱਤਰ ਨੂੰ ਮਦਦ ਲਈ ਨਿਯੁਕਤ ਕੀਤਾ।

ਆਹਲੂਵਾਲੀਆ ਨੇ ਸ਼ੰਗਰੀਲਾ ਹੋਟਲ ਵਿੱਚ ਰਹਿਣ ਦੀ ਬਜਾਏ ਕਿਸੇ ਹੋਰ ਹੋਟਲ ਦੀ ਚੋਣ ਕੀਤੀ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ, ਭਾਰਤ ਦੇ ਪ੍ਰਧਾਨ ਮੰਤਰੀ, ਥਾਈਲੈਂਡ ਵਿੱਚ ਭਾਰਤੀ ਸਫਾਰਤਖਾਨੇ ਅਤੇ ਭਾਰਤ ਵਿੱਚ ਥਾਈ ਸਫਾਰਤਖਾਨੇ ਸਮੇਤ ਕਈ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਪੱਤਰ ਲਿਖ ਕੇ ਹੋਟਲ ਵਿੱਚ ਹੋਈ ਵਧੀਕੀ ਬਾਰੇ ਜਾਣਕਾਰੀ ਦਿੱਤੀ।

ਇਸ ਦੇ ਨਤੀਜੇ ਵਜੋਂ, ਹੋਟਲ ਸਟਾਫ ਨੇ ਲਿਖਤੀ ਮੁਆਫੀ ਮੰਗੀ, ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਗਲਤ ਵਿਵਹਾਰ ਕਰਨ ਵਾਲੇ ਕਰਮਚਾਰੀਆਂ ਨੂੰ ਕਿਰਪਾਨ ਸਬੰਧੀ ਕੀ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ। ਆਹਲੂਵਾਲੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਗੰਭੀਰਤਾ ’ਤੇ ਚਰਚਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵਿਦੇਸ਼ੀ ਸਫਾਰਤਖਾਨਿਆਂ ਨੂੰ ਪੱਤਰ ਜਾਰੀ ਕਰੇ ਤਾਂ ਜੋ ਭਵਿੱਖ ਵਿੱਚ ਕਿਸੇ ਸਿੱਖ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਜਿੱਤ ਨੇ ਸਿੱਖ ਧਰਮ ਦੇ ਸਤਿਕਾਰ ਅਤੇ ਹੱਕਾਂ ਦੀ ਰਾਖੀ ਲਈ ਇੱਕ ਮਿਸਾਲ ਕਾਇਮ ਕੀਤੀ ਹੈ, ਜਿਸ ਦੀ ਸਿੱਖ ਸੰਗਤ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *