ਜਲੰਧਰ– ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ (ਡੀ. ਸੀ. ਆਫਿਸ) ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵਿਚ ਹਲਚਲ ਤੇਜ਼ ਹੋ ਗਈ ਹੈ। ਸੂਤਰਾਂ ਅਨੁਸਾਰ ਵਿਧਾਇਕ ਦੀ ਸਿਫ਼ਾਰਿਸ਼ ’ਤੇ ਕਈ ਵਿਭਾਗਾਂ ਵਿਚ ਮਹੱਤਵਪੂਰਨ ਅਤੇ ਮਲਾਈਦਾਰ ਸੀਟਾਂ ’ਤੇ ਕਰਮਚਾਰੀਆਂ ਦੀ ਤਾਇਨਾਤੀ ਹੋਈ ਸੀ ਪਰ ਹੁਣ ਜਦੋਂ ਵਿਧਾਇਕ ਖ਼ੁਦ ਸੀਖਾਂ ਪਿੱਛੇ ਪਹੁੰਚ ਗਏ ਹਨ ਤਾਂ ਉਨ੍ਹਾਂ ਕਰਮਚਾਰੀਆਂ ਵਿਚ ਚਿੰਤਾ ਅਤੇ ਘਬਰਾਹਟ ਦਾ ਮਾਹੌਲ ਬਣ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ, ਜੋ ਨਗਰ ਨਿਗਮ, ਡੀ. ਸੀ. ਆਫਿਸ ਸਮੇਤ ਹੋਰਨਾਂ ਵਿਭਾਗਾਂ ਨਾਲ ਜੁੜੇ ਮਾਮਲਿਆਂ ਵਿਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਸਨ, ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਡੀ. ਸੀ. ਆਫਿਸ ਦੇ ਕਈ ਵਿਭਾਗਾਂ ਵਿਚ ਮਨਪਸੰਦ ਕਰਮਚਾਰੀਆਂ ਦੀ ਪੋਸਟਿੰਗ ਕਰਵਾਈ ਸੀ। ਹੁਣ ਜਦੋਂ ਅਰੋੜਾ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤਾਂ ਇਨ੍ਹਾਂ ਵਿਭਾਗਾਂ ਵਿਚ ਕੰਮ ਕਰਨ ਵਾਲੇ ਕਈ ਕਰਮਚਾਰੀਆਂ ਦੇ ਸਾਹ ਫੁੱਲੇ ਹੋਏ ਹਨ।
ਸੂਤਰਾਂ ਮੁਤਾਬਕ ਵਿਜੀਲੈਂਸ ਵਿਭਾਗ ਹੁਣ ਸਿਰਫ ਵਿਧਾਇਕ ਤਕ ਹੀ ਨਹੀਂ ਰੁਕੇਗਾ, ਸਗੋਂ ਉਨ੍ਹਾਂ ਨਾਲ ਜੁੜੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕਦੀ ਹੈ। ਅਜਿਹੇ ਵਿਚ ਜਿਹੜੇ ਕਰਮਚਾਰੀਆਂ ਨੇ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਅਰੋੜਾ ਦੀਆਂ ਸਿਫਾਰਸ਼ਾਂ ’ਤੇ ਕੰਮ ਕੀਤੇ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਕੁੱਲ੍ਹ ਮਿਲਾ ਕੇ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਨੇ ਨਾ ਸਿਰਫ਼ ਸਿਆਸੀ ਗਲਿਆਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਸਰਕਾਰੀ ਵਿਭਾਗਾਂ ਦੇ ਉਨ੍ਹਾਂ ਗਲਿਆਰਿਆਂ ਵਿਚ ਵੀ ਤਣਾਅ ਵਧਾ ਦਿੱਤਾ ਹੈ, ਜਿੱਥੇ ਪਹਿਲਾਂ ਸਿਆਸੀ ਪਹੁੰਚ ਦੇ ਜ਼ੋਰ ’ਤੇ ਸਭ ਕੁਝ ਚੱਲਦਾ ਸੀ। ਹੁਣ ਸਭ ਦੀਆਂ ਨਜ਼ਰਾਂ ਵਿਜੀਲੈਂਸ ਦੀ ਅਗਲੀ ਚਾਲ ’ਤੇ ਟਿਕੀ ਹੈ।