ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ-ਹਰਿਆਣਾ ਪਾਣੀ ਦਾ ਵਿਵਾਦ ਖਤਮ ਨਹੀਂ ਹੋਇਆ ਕਿ ਹੁਣ ਨਵਾਂ ਵਿਵਾਦ ਖੜਾ ਹੋ ਗਿਆ , ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਪੱਤਰ ਜਾਰੀ ਕਰ ਨੰਗਲ ਡੈਮ , ਭਾਖੜਾ ਡੈਮ ਦੀ ਸੁਰੱਖਿਆ ਦੀ ਜਿੰਮੇਵਾਰੀ ਸੀ ਆਈ ਐਸ ਐਫ ਦੇ ਹਵਾਲੇ ਕਰ ਦਿੱਤੀ ਗਈ ਹੈ ਜੋ ਕਿ ਬਹੁਤ ਜਲਦ ਤੈਨਾਤ ਕੀਤੀ ਜਾ ਰਹੀ ਹੈ। ਹਾਲਾਂਕਿ ਡੈਮਾਂ ਦੀ ਸੁਰੱਖਿਆ ਸੀ ਆਈ ਐਸ ਐਫ ਨੂੰ ਦੇਣ ਲਈ ਪਿਛਲੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਮਗਰ ਪਿਛਲੇ ਦਿਨਾਂ ਤੋਂ ਚੱਲ ਰਹੇ ਪਾਣੀ ਵਿਵਾਦ ਤੋਂ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਆਦੇਸ਼ ਜਾਰੀ ਕਰਨ ਨਾਲ ਇੱਕ ਨਵਾਂ ਮੁੱਦਾ ਖੜਾ ਹੋ ਗਿਆ ਹੈ। ਇਸ ਫੈਸਲੇ ਦਾ ਬੀਬੀਐਮਬੀ ਦੇ ਕਰਮਚਾਰੀ ਸੰਗਠਨਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਬੀਬੀਐਮਬੀ ਦੇ ਵੱਲੋਂ ਸੀ ਆਈ ਐਸ ਐਫ ਦੀ ਕੰਪਨੀ ਵਾਸਤੇ ਰਿਹਾਇਸ਼ ਦੇਣ ਦੇ ਮਕਸਦ ਨਾਲ ਕੁਝ ਮਕਾਨਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਕੇਂਦਰੀ ਸੁਰੱਖਿਆ ਬਲ ਮੁਲਾਜ਼ਮਾਂ ਨੂੰ ਰਿਹਾਇਸ਼ ਦਿੱਤੀ ਜਾ ਸਕੇ।
ਲਗਭਗ ਪਿਛਲੇ 20 ਦਿਨਾਂ ਤੋਂ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਦਾ ਵਿਵਾਦ ਚੱਲ ਰਿਹਾ ਸੀ ਹਰਿਆਣਾ ਵੱਲੋਂ 8500 ਕਿਊਸਿਕ ਵਾਧੂ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ ਮਗਰ ਪੰਜਾਬ ਸਰਕਾਰ ਵੱਲੋਂ ਵਾਧੂ ਪਾਣੀ ਦੀ ਮੰਗ ਨੂੰ ਠੁਕਰਾਇਆ ਗਿਆ ਸੀ ਕਿਉਂਕਿ ਪੰਜਾਬ ਸਰਕਾਰ ਦਾ ਤਰਕ ਸੀ ਕਿ ਪੰਜਾਬ ਦੇ ਕੋਲ ਹਰਿਆਣਾ ਨੂੰ ਦੇਣ ਦੇ ਲਈ ਫਾਲਤੂ ਪਾਣੀ ਨਹੀਂ ਹੈ । ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਨੰਗਲ ਡੈਮ ਦੇ ਉੱਪਰ ਦਿਨ ਰਾਤ ਮੋਰਚਾ ਲਗਾ ਕੇ ਪਾਣੀ ਦੀ ਰਾਖੀ ਕੀਤੀ ਜਾ ਰਹੀ ਸੀ । ਉਸ ਤੋਂ ਬਾਅਦ ਇਹ ਦੋਨਾਂ ਰਾਜਾਂ ਦਾ ਪਾਣੀ ਵਿਵਾਦ ਹਾਈਕੋਰਟ ਪਹੁੰਚ ਗਿਆ ਪਰ ਹੁਣ ਪਾਣੀ ਦਾ ਮੁੱਦਾ 21 ਮਈ ਤੋਂ ਖਤਮ ਹੋ ਗਿਆ ਹੈ ਕਿਉਂਕਿ ਹਰਿਆਣੇ ਨੂੰ ਨਵੀਂ ਟਰਨ ਦੇ ਹਿਸਾਬ ਨਾਲ ਉਸ ਨੂੰ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ।
ਪਰ ਹੁਣ ਇੱਕ ਨਵਾਂ ਵਿਵਾਦ ਛਿੜ ਗਿਆ ਹੈ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋ ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਵਾਸਤੇ 296 ਸੀ ਆਈ ਐਸ ਐਫ ਜਵਾਨਾਂ ਦੀ ਭਰਤੀ ਕਰ ਉਹਨਾਂ ਦੀ ਤੈਨਾਤੀ ਦੇ ਹੁਕਾਮ ਦਿੱਤੇ ਗਏ ਹਨ ਤੇ ਉਹਨਾਂ ਦੇ ਖਾਣ ਪੀਣ , ਰਹਿਣ ਦਾ ਆਉਣ, ਸਾਰਾ ਖਰਚਾ ਬੀਬੀਐਮਬੀ ਚੁੱਕੇਗੀ ਹਾਲਾਂਕਿ ਡੈਮਾਂ ਦੀ ਸੁਰੱਖਿਆ ਵਾਸਤੇ ਪਿਛਲੇ ਕਈ ਸਾਲਾਂ ਤੋਂ ਸੀ ਆਈ ਐਸ ਐਫ ਲਗਾਉਣ ਦੀ ਗੱਲ ਚੱਲ ਰਹੀ ਸੀ ਪਰ ਹਰ ਵਾਰ ਇਹ ਮੁੱਦਾ ਠੰਡੇ ਵਾਸਤੇ ਵਿੱਚ ਚਲਾ ਜਾਂਦਾ ਸੀ ਪਰ ਹੁਣ ਜਿਉਂ ਹੀ ਪਾਣੀ ਦਾ ਮੁੱਦਾ ਪਿਛਲੇ ਕੱਲ੍ਹ ਖਤਮ ਹੋਇਆ ਤਾਂ ਉਸੀ ਦਿਨ ਸ਼ਾਮ ਨੂੰ ਹੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਪੱਤਰ ਜਾਰੀ ਕਰ ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਦੀ ਜਿੰਮੇਵਾਰੀ ਸੀ ਆਈ ਐਸ ਐਫ ਨੂੰ ਦੇਣ ਦੀ ਗੱਲ ਕੀਤੀ ਗਈ ਹਾਲਾਂਕਿ ਇਸ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਬੀਬੀਐਮਬੀ ਵੱਲੋਂ ਬੀਬੀਐਮਬੀ ਦੀਆਂ ਵੱਖ ਵੱਖ ਕਲੋਨੀਆਂ ਦੇ ਸਰਕਾਰੀ ਮਕਾਨਾਂ ਦੀ ਇਨਕੁਇਰੀ ਵੀ ਕੀਤੀ ਗਈ ਕਿ ਸੀ ਸੀ ਆਈ ਐਸ ਐਫ ਨੂੰ ਕਿਹੜੀ ਕਲੋਨੀ ਤੇ ਕਿਹੜੇ ਮਕਾਨ ਦਿੱਤੇ ਜਾਣ।
ਬੀਬੀਐਮਬੀ ਦੇ ਵੱਲੋਂ ਹੁਣ ਬੀਬੀਐਮਬੀ ਦੀਆਂ ਸਰਕਾਰੀ ਕਲੋਨੀਆਂ ਦੇ ਕਈ ਮਕਾਨਾਂ ਨੂੰ ਹੁਣ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਹਾਲਾਂਕਿ ਜਿਹੜੇ ਮਕਾਨ ਖਾਲੀ ਕਰਵਾਏ ਜਾ ਰਹੇ ਹਨ ਉਹਨਾਂ ਦੇ ਬਦਲੇ ਉਹਨਾਂ ਬੀਬੀਐਮਬੀ ਮੁਲਾਜ਼ਮਾਂ ਨੂੰ ਕਿਸੀ ਹੋਰ ਜਗ੍ਹਾ ਮਕਾਨ ਦਿੱਤੇ ਜਾ ਰਹੇ ਹਨ । ਬੀਬੀਐਮਬੀ ਦੀਆਂ ਕਲੋਨੀਆਂ ਦੇ ਵਿੱਚ ਜਿਸ ਜਗ੍ਹਾ ਤੇ ਮਕਾਨ ਖਾਲੀ ਕਰਵਾਏ ਜਾ ਰਹੇ ਹਨ ਉਹ ਕਲੋਨੀਆਂ ਦੇ ਨਾਮ ਐਚ ਬਲਾਕ , ਡਬਲ ਸੀ ਬਲਾਕ , ਡਬਲ ਜੀ ਬਲਾਕ , ਡਬਲ ਐਚ ਬਲਾਕ , ਤੇ ਮਾਰਕੀਟ ਬਲਾਕ ਦੇ ਕੁਝ ਮਕਾਨ ਹਨ । ਜਿਨਾਂ ਨੂੰ ਖਾਲੀ ਕਰਵਾ ਕੇ ਸੀ ਆਈ ਐਸ ਐਫ ਦੇ ਮੁਲਾਜ਼ਮਾ ਨੂੰ ਦਿੱਤੇ ਜਾ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਬੀਬੀਐਮਬੀ ਦਾ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਬੀਬੀਐਮਬੀ ਦੇ ਕਰਮਚਾਰੀ ਯੂਨੀਅਨ ਦੇ ਨੇਤਾਵਾਂ ਨੇ ਗੱਲ ਕਰਦਿਆਂ ਕਿਹਾ ਕਿ ਸਾਡੀ ਯੂਨੀਅਨ ਦੇ ਵੱਲੋਂ ਸੀ ਆਈ ਐਸ ਐਫ ਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਜਦੋਂ ਤੋਂ ਭਾਖੜਾ ਡੈਮ ਬਣਿਆ ਹੈ ਉਦੋਂ ਤੋਂ ਹੀ ਦੋਨੇ ਰਾਜਾਂ ਦੀ ਪੁਲਿਸ ਸਹੀ ਢੰਗ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ ਜਦੋਂ ਕਿ ਔਖੀ ਘੜੀ ਵਿੱਚ ਵੀ ਇਹਨਾਂ ਸਟੇਟ ਦੀ ਪੁਲਿਸ ਨੇ ਹੀ ਇਸ ਦੇ ਜਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਇਆ ਹੈ ਤੇ ਜਿਸ ਹਿਸਾਬ ਨਾਲ ਸੀ ਆਈ ਐਸ ਐਫ ਦੀ ਗੱਲ ਕਹੀ ਜਾ ਰਹੀ ਹੈ ਕਿ ਡੈਮਾਂ ਦੀ ਸੁਰੱਖਿਆ ਹੁਣ ਇਹਨਾਂ ਦੇ ਹਵਾਲੇ ਕੀਤੀ ਜਾ ਰਹੀ ਹੈ ਤੇ ਜਿਸ ਦਾ ਸਾਰਾ ਖਰਚਾ ਵੀ ਬੀਬੀਐਮਬੀ ਹੀ ਚੁੱਕੇਗੀ ਇਹ ਖਰਚਾ ਸਾਡੇ ਤੇ ਹੀ ਪਵੇਗਾ ਤੇ ਇਸ ਚੀਜ਼ ਨੂੰ ਲੈ ਕੇ ਬੀਬੀਐਮਬੀ ਦੇ ਕਈ ਮੁਲਾਜ਼ਮਾ ਨੂੰ ਆਪਣੇ ਮਕਾਨ ਖਾਲੀ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ।
ਉਹਨਾਂ ਮਕਾਨਾਂ ਦੀ ਜਗ੍ਹਾ ਉਹਨਾਂ ਨੂੰ ਹੋਰ ਪਾਸੇ ਮਕਾਨ ਦਿੱਤੇ ਜਾ ਰਹੇ ਹਨ । ਇਸ ਚੀਜ਼ ਦਾ ਵੀ ਸਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਜੇਕਰ ਤੁਸੀਂ ਸੀ ਆਈ ਐਸ ਐਫ ਦੇ ਜਵਾਨਾ ਦੇ ਲਈ ਮਕਾਨ ਦੇਣੇ ਹਨ ਤਾਂ ਉਹ ਮਕਾਨ ਦੇ ਦਿੱਤੇ ਜਾਣ ਜਿਹੜੇ ਮਕਾਨ ਖਾਲੀ ਹਨ , ਉਹਨਾਂ ਦੀ ਰਿਪੇਅਰ ਕਰਕੇ ਉਹਨਾਂ ਦੇ ਦਿੱਤੇ ਜਾਣ ਨਾ ਕਿ ਪਿਛਲੇ ਕਈ ਸਾਲਾਂ ਤੋਂ ਜਿਨਾਂ ਮਕਾਨਾਂ ਵਿੱਚ ਬੀਬੀਐਮਬੀ ਦੇ ਕਰਮਚਾਰੀ ਰਹਿ ਰਹੇ ਹਨ ਉਹਨਾਂ ਨੂੰ ਉਹਨਾਂ ਵਿੱਚੋਂ ਉਠਾ ਕੇ ਉਹ ਦੇ ਮਕਾਨ ਇਹਨਾਂ ਨੂੰ ਦਿੱਤੇ ਜਾਣ , ਇਹ ਕੋਈ ਚੰਗੀ ਗੱਲ ਨਹੀਂ ਹੈ , ਸਾਡੀ ਯੂਨੀਅਨ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ।