ਅੰਮ੍ਰਿਤਸਰ- ਅੰਮ੍ਰਿਤਸਰ ‘ਚ ਇਕ ਵਾਰ ਫਿਰ ਤੋਂ ਲੁੱਟ ਦੀਆਂ ਵਾਰਦਾਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਭੀੜ ਵਾਲੇ ਇਲਾਕੇ ਹਾਲ ਬਾਜ਼ਾਰ ਦਾ ਹੈ, ਜਿੱਥੇ ਕਿ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਇੱਕ ਮਨੀ ਐਕਸਚੇਂਜ ਦੀ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਇਸ ਸਬੰਧੀ ਚਸ਼ਮਦੀਦ ਨੇ ਦੱਸਿਆ ਕਿ ਦੋ ਵਿਅਕਤੀ ਨੋਟ ਬਦਲਾਉਣ ਲਈ ਦੁਕਾਨ ‘ਤੇ ਪਹੁੰਚੇ ਸਨ ਤੇ ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ 15 ਲੱਖ ਦੇ ਕਰੀਬ ਰਕਮ ਹੈ। ਇਹ ਬੋਲਦਿਆਂ ਹੀ ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਦੁਕਾਨ ‘ਤੇ ਬੈਠੇ ਪਿਓ-ਪੁੱਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਇਸ ਸੰਬੰਧੀ ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਬਾਜ਼ਾਰ ਅੰਦਰ ਫਟੇ ਪੁਰਾਣੇ ਨੋਟ ਚੇਂਜ ਕਰਨ ਦੀ ਦੁਕਾਨ ‘ਤੇ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕਿੰਨੇ ਦੀ ਲੁੱਟ ਹੋਈ, ਇਸ ਦੀ ਅਜੇ ਜਾਣਕਾਰੀ ਨਹੀਂ ਸਾਹਮਣੇ ਆਈ।ਦੁਕਾਨ ‘ਤੇ ਦੋਵੇਂ ਪਿਓ-ਪੁੱਤ ਦਿਨੇਸ਼ ਕੁਮਾਰ ਅਤੇ ਕੁਲਦੀਪ ਕੁਮਾਰ ਬੈਠੇ ਸਨ ਤੇ ਦੋਵਾਂ ਨੂੰ ਹੀ ਜ਼ਖਮੀ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਤੇ ਫਿਰ ਹੀ ਪੁਲਸ ਅੱਗੇ ਦੀ ਕਾਰਵਾਈ ਕਰੇਗੀ।
