ਰਮਨ ਅਰੋੜਾ ਦੇ PA ਰੋਹਿਤ ਕਪੂਰ ਤੇ ਰਿਸ਼ਤੇਦਾਰ ਸ਼ਿਵਮ ਮਦਾਨ ਵਿਜੀਲੈਂਸ ਸਾਹਮਣੇ ਖੋਲ੍ਹੇ ਕਈ ਰਾਜ਼

ਜਲੰਧਰ -ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿਚ ਬੁੱਧਵਾਰ ਉਨ੍ਹਾਂ ਦੇ ਕੁੜਮ ਰਾਜੂ ਮਦਾਨ ਦੇ ਰਿਸ਼ਤੇਦਾਰ ਸ਼ਿਵਮ ਮਦਾਨ ਅਤੇ ਪੀ. ਏ. ਰੋਹਿਤ ਕਪੂਰ ਤੋਂ ਕਾਫ਼ੀ ਦੇਰ ਤੱਕ ਪੁੱਛਗਿੱਛ ਕੀਤੀ ਗਈ। ਦੋਵਾਂ ਨੇ ਵਿਜੀਲੈਂਸ ਦੇ ਸਾਹਮਣੇ ਵਿਧਾਇਕ ਦੇ ਕਈ ਰਾਜ਼ ਉਗਲੇ ਹਨ। ਦੂਜੇ ਪਾਸੇ ਇਹ ਚਰਚਾ ਹੈ ਕਿ ਰਾਜੂ ਮਦਾਨ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਫਿਰ ਉਨ੍ਹਾਂ ਨੂੰ ਟਰਾਂਜ਼ਿਟ ਰਿਮਾਂਡ ’ਤੇ ਲਿਆ ਗਿਆ ਹੈ। ਵਿਜੀਲੈਂਸ ਇਸ ਬਾਰੇ ਫਿਲਹਾਲ ਕੋਈ ਅਧਿਕਾਰਤ ਪੁਸ਼ਟੀ ਨਹੀਂ ਕਰ ਰਹੀ ਹੈ। ਵਿਧਾਇਕ ਦੇ ਪੀ. ਏ. ਰੋਹਿਤ ਕਪੂਰ ਅਤੇ ਸ਼ਿਵਮ ਮਦਨ ਤੋਂ ਪੁੱਛਗਿੱਛ ਦੌਰਾਨ ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜੋ ਵਿਧਾਇਕ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਵੱਲ ਇਸ਼ਾਰਾ ਕਰ ਰਹੇ ਹਨ। ਵਿਜੀਲੈਂਸ ਰਾਜੂ ਮਦਾਨ ਦੇ ਮਾਮਲੇ ਵਿਚ ਵੀ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੀ।

ਵਿਧਾਇਕ ਦਾ ਇਕ ਕਰੀਬੀ ਮਾਮਲੇ ਦੀ ਜਾਂਚ ਵਿਚ ਬਣਿਆ ਵਿਭੀਸ਼ਣ  
ਵਿਧਾਇਕ ਰਮਨ ਅਰੋੜਾ ਦਾ ਇਕ ਕਰੀਬੀ ਵਿਜੀਲੈਂਸ ਦੀ ਜਾਂਚ ਵਿਚ ਵਿਭੀਸ਼ਣ ਵਜੋਂ ਕੰਮ ਕਰ ਰਿਹਾ ਹੈ, ਜੋ ਵਿਧਾਇਕ ਦੇ ਸਾਰੇ ਰਾਜ਼ ਅਤੇ ਉਨ੍ਹਾਂ ਦੇ ਕੁੜਮ ਅਤੇ ਹੋਰ ਰਿਸ਼ਤੇਦਾਰਾਂ ਦੁਆਰਾ ਕੀਤੀਆਂ ਗਈਆਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਸਾਰੀ ਜਾਣਕਾਰੀ ਵਿਜੀਲੈਂਸ ਨੂੰ ਦੇ ਰਿਹਾ ਹੈ। ਇਕ ਕਹਾਵਤ ਹੈ ‘ਘਰ ਦਾ ਭੇਤੀ ਲੰਕਾ ਢਾਹੇ’।

ਮੁਹੱਲਾ ਚਰਨਜੀਤਪੁਰਾ ਵਿਚ ਇਕ ਨੌਜਵਾਨ ਨੂੰ ਵਿਜੀਲੈਂਸ ਨੇ ਕੀਤਾ ਰਾਊਂਡਅਪ 
ਵਿਜੀਲੈਂਸ ਨੇ ਕੱਲ੍ਹ ਵਿਧਾਇਕ ਰਮਨ ਅਰੋੜਾ ਦੇ ਨਜ਼ਦੀਕੀ ਸਾਥੀ ਮਹੇਸ਼ ਮਖੀਜਾ ਅਤੇ ਮੁਹੱਲਾ ਚਰਨਜੀਤਪੁਰਾ ਵਿਚ ਰਹਿਣ ਵਾਲੇ ਉਸ ਦੇ ਭਰਾ ਦੇ ਘਰ ਛਾਪਾ ਮਾਰਿਆ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਵਿਧਾਇਕ ਦੀ ਗ੍ਰਿਫ਼ਤਾਰੀ ਵਾਲੇ ਦਿਨ ਉਨ੍ਹਾਂ ਨੇ ਆਪਣੇ ਘਰ ਵਿਚ ਕਈ ਬੈਗ ਇੱਧਰ-ਉੱਧਰ ਲੁਕਾਏ ਸਨ। ਇਸ ਸਿਲਸਿਲੇ ਵਿਚ ਵਿਜੀਲੈਂਸ ਵੱਲੋਂ ਮਹੇਸ਼ ਮਖੀਜਾ ਅਤੇ ਉਸ ਦੇ ਭਰਾ ਦੇ ਗੁਆਂਢੀਆਂ ਦੇ ਚਰਨਜੀਤਪੁਰਾ ਸਥਿਤ ਘਰ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਗਈ ਹੈ। ਇਸ ਵਿਚ ਇਕ ਨੌਜਵਾਨ ਨੂੰ ਮਖੀਜਾ ਦੇ ਭਰਾ ਦੇ ਘਰੋਂ ਦੋ ਬੈਗ ਲੈ ਕੇ ਜਾਂਦੇ ਹੋਏ ਕੈਦ ਪਾਇਆ ਗਿਆ ਸੀ।

By Gurpreet Singh

Leave a Reply

Your email address will not be published. Required fields are marked *