ਅੱਤਵਾਦ ਖਤਮ ਕਰੋ, ਫਿਰ ਗੱਲਬਾਤ ਹੋਵੇਗੀ: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਸਖ਼ਤ ਸੰਦੇਸ਼

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ ਵੀਰਵਾਰ ਨੂੰ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਪਾਕਿਸਤਾਨ ਨਾਲ ਗੱਲਬਾਤ ਤਾਂ ਹੀ ਹੋ ਸਕਦੀ ਹੈ ਜੇਕਰ ਉਹ ਸਰਹੱਦ ਪਾਰ ਅੱਤਵਾਦ ਬੰਦ ਕਰ ਦੇਵੇ। ਭਾਰਤ ਦੀ ਇਹ ਟਿੱਪਣੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਕਸ਼ਮੀਰ, ਅੱਤਵਾਦ, ਪਾਣੀ ਅਤੇ ਵਪਾਰ ਸਮੇਤ ਸਾਰੇ ਪੈਂਡਿੰਗ ਮੁੱਦਿਆਂ ਨੂੰ ਹੱਲ ਕਰਨ ਲਈ ਭਾਰਤ ਨਾਲ ਸ਼ਾਂਤੀ ਗੱਲਬਾਤ ਕਰਨ ਦੀ ਇੱਛਾ ਦੇ ਜਵਾਬ ‘ਚ ਆਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਆਪਣੀ ਹਫ਼ਤਾਵਾਰੀ ਪ੍ਰੈਸ ਬ੍ਰੀਫਿੰਗ ‘ਚ ਕਿਹਾ,”ਅਸੀਂ ਦੁਹਰਾਉਣਾ ਚਾਹੁੰਦੇ ਹਾਂ ਕਿ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ।” ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਜਦੋਂ ਉਨ੍ਹਾਂ ਨੂੰ ਇਸ ਹਫ਼ਤੇ ਤਹਿਰਾਨ ‘ਚ ਸ਼ਰੀਫ ਦੇ ਉਸ ਬਿਆਨ ਬਾਰੇ ਪੁੱਛਿਆ ਗਿਆ ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਨਾਲ ਸ਼ਾਂਤੀ ਗੱਲਬਾਤ ਕਰਨਾ ਚਾਹੁੰਦਾ ਹੈ।

ਜਾਇਸਵਾਲ ਨੇ ਇਹ ਵੀ ਜ਼ੋਰ ਦਿੱਤਾ ਕਿ ਭਾਰਤ, ਪਾਕਿਸਤਾਨ ਨਾਲ ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨੂੰ ਨਵੀਂ ਦਿੱਲੀ ਨੂੰ ਸੌਂਪਣ ਅਤੇ ਅੱਤਵਾਦ ਦੇ ਮੁੱਦੇ ‘ਤੇ ਹੀ ਗੱਲਬਾਤ ਕਰੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਉਨ੍ਹਾਂ ਅੱਤਵਾਦੀਆਂ ਨੂੰ ਭਾਰਤ ਨੂੰ ਸੌਂਪਣਾ ਚਾਹੀਦਾ ਹੈ ਜਿਨ੍ਹਾਂ ਦੀ ਸੂਚੀ ਅਸੀਂ ਕੁਝ ਸਾਲ ਪਹਿਲਾਂ ਸੌਂਪੀ ਸੀ। ਉਨ੍ਹਾਂ ਕਿਹਾ,”ਜਿੱਥੋਂ ਤੱਕ ਸਿੰਧੂ ਜਲ ਸੰਧੀ ਦਾ ਸਵਾਲ ਹੈ, ਇਹ ਉਦੋਂ ਤੱਕ ਮੁਅੱਤਲ ਰਹੇਗਾ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਨੂੰ ਆਪਣਾ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ ਅਤੇ ਜਿਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ: “ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ, ਅੱਤਵਾਦ ਅਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ, ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ।” ਭਾਰਤ ਨੇ 23 ਅਪ੍ਰੈਲ ਨੂੰ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਸਮੇਤ ਪਾਕਿਸਤਾਨ ਖ਼ਿਲਾਫ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਸੀ। ਇਨ੍ਹਾਂ ਕਦਮਾਂ ਦਾ ਐਲਾਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਇਕ ਦਿਨ ਬਾਅਦ ਕੀਤਾ ਗਿਆ ਸੀ। ਪਹਿਲਗਾਮ ‘ਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ‘ਚ 26 ਲੋਕ ਮਾਰੇ ਗਏ ਸਨ।

By Rajeev Sharma

Leave a Reply

Your email address will not be published. Required fields are marked *