ਭੁਵਨੇਸ਼ਵਰ : ਓਡਿਸ਼ਾ ਵਿਚ ਚੌਕਸੀ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਕ ਸਰਕਾਰੀ ਇੰਜੀਨੀਅਰ ਕੋਲੋਂ 2 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਕੀਮਤੀ ਸਾਮਾਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਦੇ ਸਬੰਧ ਵਿਚ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਜੀਨੀਅਰ ਦੇ ਨਿਵਾਸ ਅਤੇ ਦਫ਼ਤਰ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ। ਇਕ ਬਿਆਨ ਵਿਚ ਕਿਹਾ ਗਿਆ ਕਿ ਓਡਿਸ਼ਾ ਪੁਲਸ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ ਨੇ ਸੜਕ ਯੋਜਨਾ, ਦਿਹਾਤੀ ਕੰਮ (ਆਰ. ਡਬਲਿਊ.) ਡਵੀਜ਼ਨ, ਓਡਿਸ਼ਾ, ਭੁਵਨੇਸ਼ਵਰ ਵਿਚ ਮੁੱਖ ਇੰਜੀਨੀਅਰ ਬੈਕੁੰਠ ਨਾਥ ਸਾਰੰਗੀ ਦੇ ਨਿਵਾਸ ਅਤੇ ਦਫ਼ਤਰ ’ਤੇ ਛਾਪਾ ਮਾਰਿਆ।
ਇਹਨਾਂ ਅਧਿਕਾਰੀਆਂ ਵਿਚੋਂ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇੰਜੀਨੀਅਰ ਦੇ ਭੁਵਨੇਸ਼ਵਰ ਸਥਿਤ ਫਲੈਟ ਵਿਚੋਂ ਇਕ ਕਰੋੜ ਰੁਪਏ ਅਤੇ ਅੰਗੁਲ ਸਥਿਤ ਨਿਵਾਸ ਤੋਂ 1.1 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਵਿਜੀਲੈਂਸ ਅਧਿਕਾਰੀਆ ਨੂੰ ਦੇਖਦੇ ਹੀ ਸਾਰੰਗੀ ਨੇ ਭੁਵਨੇਸ਼ਵਰ ਸਥਿਤ ਆਪਣੇ ਫਲੈਟ ਦੀ ਖਿੜਕੀ ਵਿਚੋਂ 500 ਰੁਪਏ ਦੇ ਨੋਟਾਂ ਦੇ ਬੰਡਲ ਸੁੱਟ ਦਿੱਤੇ। ਅਖੀਂ ਦੇਖਣ ਵਾਲਿਆਂ ਦੀ ਮੌਜੂਦਗੀ ਵਿਚ ਸਾਰੀ ਨਕਦੀ ਬਰਾਮਦ ਕਰ ਲਈ ਹੈ। ਦੂਜੇ ਪਾਸੇ ਇੰਜੀਨੀਅਰ ’ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਦੋਸ਼ ਹੈ।
