ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦਿਵਸ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰ ‘ਤੇ ਮਨਾਇਆ ਜਾਵੇਗਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੰਧਵਾਂ ਨੇ ਕਿਹਾ ਕਿ ਇਹ ਸਮਾਗਮ ਸਿਰਫ ਪੰਜਾਬ ਜਾਂ ਭਾਰਤ ਤੱਕ ਸੀਮਤ ਨਹੀਂ ਰਹਿਣਗੇ, ਬਲਕਿ ਦੁਨੀਆ ਭਰ ਵਿੱਚ ਮਨਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਤਿਉਹਾਰ ਸਿਰਫ ਸਿੱਖ ਧਰਮ ਦੀ ਹੀ ਨਹੀਂ, ਸਾਰੀ ਮਨੁੱਖਤਾ ਦੀ ਵਿਰਾਸਤ ਹਨ।
ਸੰਧਵਾਂ ਨੇ ਕਿਹਾ ਕਿ ਸਰਕਾਰ ਵੱਲੋਂ ਵੈਬਸਾਈਟ, ਈਮੇਲ ਅਤੇ ਫੋਨ ਨੰਬਰ ਜਾਰੀ ਕਰ ਦਿੱਤੇ ਗਏ ਹਨ, ਤਾਂ ਜੋ ਸਾਰੇ ਧਰਮਾਂ, ਸੰਪਰਦਾਵਾਂ ਅਤੇ ਜਥੇਬੰਦੀਆਂ ਤੋਂ ਸੁਝਾਅ ਲਏ ਜਾ ਸਕਣ। “ਗੁਰੂ ਸਾਹਿਬ ਦੀਆਂ ਕੁਰਬਾਨੀਆਂ ਸਾਂਝੀਆਂ ਹਨ, ਇਨ੍ਹਾਂ ਨੂੰ ਮਨਾਉਣ ਦਾ ਤਰੀਕਾ ਵੀ ਸਾਂਝਾ ਹੋਣਾ ਚਾਹੀਦਾ ਹੈ,” ਉਨ੍ਹਾਂ ਕਿਹਾ।
ਸਪੀਕਰ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਹੋ ਕੇ ਉਹ ਵੱਖ-ਵੱਖ ਸੰਪਰਦਾਵਾਂ, ਅਕਾਦਮਿਕ ਸੰਸਥਾਵਾਂ, ਇੰਟੈਲੀਜੈਂਸ, ਅਤੇ ਯੂਨੀਵਰਸਿਟੀਆਂ ਨਾਲ ਮਿਲਕੇ ਸੁਝਾਅ ਇਕੱਠੇ ਕਰਨਗੇ। “ਹਰ ਰੋਜ਼ ਤੁਸੀਂ ਵੇਖੋਗੇ ਕਿ ਮੈਂ ਕਿਸੇ ਨਾ ਕਿਸੇ ਵਿਅਕਤੀ ਜਾਂ ਸੰਸਥਾ ਨਾਲ ਮੀਟਿੰਗ ਕਰ ਰਿਹਾ ਹਾਂ,” ਉਨ੍ਹਾਂ ਕਿਹਾ।
ਸੰਧਵਾਂ ਨੇ ਕਿਹਾ ਕਿ ਸਮਾਗਮ ਮਾਡਰਨ ਟੈਕਨੋਲੋਜੀ ਰਾਹੀਂ ਇੰਟਰਨੈਸ਼ਨਲ ਲੈਵਲ ‘ਤੇ ਮਨਾਏ ਜਾਣਗੇ, ਤਾਂ ਜੋ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਸਿੱਖ ਇਤਿਹਾਸ ਦਾ ਸੰਦੇਸ਼ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚੇ।
ਸਪੀਕਰ ਨੇ ਸ਼੍ਰੀ ਹਰਿਮੰਦਰ ਸਾਹਿਬ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇਕ ਅਜਿਹਾ ਧਾਰਮਿਕ ਸਥਾਨ ਹੈ ਜਿਸ ਦੀ ਨੀਂਹ ਇੱਕ ਹੋਰ ਧਰਮ ਦੇ ਮਹਾਂਪੁਰਖ ਦੁਆਰਾ ਰੱਖੀ ਗਈ ਸੀ। ਇਹ ਗੱਲ ਸਿੱਖ ਧਰਮ ਦੀ ਸਾਂਝੀਵਾਲਤਾ ਦੀ ਰੂਹ ਨੂੰ ਦਰਸਾਉਂਦੀ ਹੈ।
ਅਖੀਰ ‘ਚ ਸੰਧਵਾਂ ਨੇ ਸਾਰੇ ਪੰਜਾਬੀਆਂ, ਸੰਪਰਦਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ। “ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਯਾਦਗਾਰ ਬਣਾਈਏ,” ਉਨ੍ਹਾਂ ਕਿਹਾ।
