ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼

ਮਹਿਲ ਕਲਾਂ- ਬਰਨਾਲਾ ਵਿਖੇ ਮਹਿਲ ਕਲਾਂ ਦੇ ਇਤਿਹਾਸਕ ਪਿੰਡ ਗਹਿਲ ਵਿਖੇ ਸਥਿਤ ਗੁਰਦੁਆਰਾ ਭਗਤੂਆਣਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ।  ਅੱਜ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਨੂੰ ਮੌਕੇ ’ਤੇ ਹਾਜ਼ਰ ਸੇਵਾਦਾਰਾਂ ਵੱਲੋਂ ਨਾਕਾਮ ਬਣਾ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਸਾਹਿਬ ਉਤਾਰਣ ਦੀ ਕੋਸ਼ਿਸ਼ ਕੀਤੀ ਪਰ ਸੇਵਾਦਾਰਾਂ ਦੀ ਸਚੇਤਤਾ ਕਾਰਨ ਉਕਤ ਵਿਅਕਤੀ ਨੂੰ ਰੋਕ ਲਿਆ ਗਿਆ। ਇਸ ਮੌਕੇ ਸੇਵਾਦਾਰ ਸੁਖਦਰਸ਼ਨ ਸਿੰਘ ਫਿਜੀਵਾਲਾ ਨੇ ਦੱਸਿਆ ਕਿ ਉਕਤ ਵਿਅਕਤੀ ਸ਼ੱਕੀ ਹਾਲਾਤ ਵਿੱਚ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਇਆ ਸੀ। ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੇ ਥੜ੍ਹਾ ਸਾਹਿਬ ਉੱਤੇ ਚੜ੍ਹ ਰੁਮਾਲਾ ਸਾਹਿਬ ਉਤਾਰਣ ਲੱਗਾ ਤਾਂ ਸੇਵਾਦਾਰਾਂ ਨੇ ਰੌਲਾ ਪਾ ਕੇ ਉਸ ਨੂੰ ਰੋਕ ਲਿਆ। ਉਕਤ ਵਿਅਕਤੀ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। 

PunjabKesari

ਇਸ ਮੌਕੇ ਘਟਨਾ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ, ਐੱਸ. ਜੀ. ਪੀ. ਸੀ. ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਖਾਲਸਾ ਅਤੇ ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਦੁੱਖ਼ ਪ੍ਰਗਟਾਉਂਦੇ ਹੋਏ ਪੁਲਸ ਤੋਂ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।  ਇਸ ਮੌਕੇ ਸਿੰਘ ਸਾਹਿਬਾਨ ਜਥੇਦਾਰ ਟੇਕ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰਾਹੀਂ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਏਜੰਸੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇ। ਐੱਸ. ਜੀ. ਪੀ. ਸੀ. ਨੇ ਇਸ ਮਾਮਲੇ ਦੀ ਪੂਰੀ ਪੈਰਵਾਈ ਕਰਨ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।

PunjabKesari

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਖਾਲਸਾ ਅਤੇ ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਪਿੰਡ ਗਹਿਲ ਵਿਖੇ ਸਿੱਖ ਇਤਿਹਾਸ ਦੇ ਵੱਡਾ ਘੱਲੂਘਾਰਾ ਨਾਲ ਸੰਬੰਧਤ ਇਤਿਹਾਸਕ ਗੁਰਦੁਆਰਾ ਭਗਤੂਆਣਾ ਸਾਹਿਬ ਵਿੱਚ ਅੱਜ ਇਕ ਸੱਜਣ ਸਿੰਘ ਨਾਮ ਦੇ ਵਿਅਕਤੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਥੜ੍ਹਾ ਸਾਹਿਬ ‘ਤੇ ਚੜ੍ਹ ਕੇ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਨੂੰ ਖਿੱਚ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਤੁਰੰਤ ਮੌਕੇ ‘ਤੇ ਹਾਜ਼ਰ ਸੇਵਾਦਾਰਾਂ ਵੱਲੋਂ ਰੋਕ ਲਿਆ ਗਿਆ ਗਿਆ। 

PunjabKesari

ਉਨ੍ਹਾਂ ਕਿਹਾ ਕਿ 2015 ਤੋਂ ਲੈ ਕੇ ਲਗਾਤਾਰ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਇਨ੍ਹਾਂ ਘਟਨਾਵਾਂ ਦੇ ਮਾਸਟਰਮਾਈਂਡ ਲੋਕਾਂ ਤੱਕ ਅਜੇ ਤੱਕ ਪੁਲਸ ਨਹੀਂ ਪਹੁੰਚ ਸਕੀ। ਉਨ੍ਹਾਂ ਕਿਹਾ ਕਿ ਜੂਨ ਮਹੀਨਾ ਦਰਬਾਰ ਸਾਹਿਬ ਦੇ ਹਮਲੇ ਨਾਲ ਜੁੜਿਆ ਹੋਣ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਸਿੱਖਾਂ ਦੇ ਹਿਰਦੇ-ਵਲੂੰਦਰੇ ਜਾ ਰਹੇ ਹਨ। ਇਨ੍ਹਾਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕਰਕੇ ਬੇਅਦਬੀ ਕਰਨ ਵਾਲੇ ਲੋਕਾਂ ਤੱਕ ਪਹੁੰਚ ਕਰਨ ਦੀ ਲੋੜ ਹੈ। 

PunjabKesari

ਇਸ ਮੌਕੇ ਪੁਲਸ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀ. ਐੱਸ. ਪੀ. ਜਤਿੰਦਰਪਾਲ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਮੌਕੇ ‘ਤੇ ਸਾਵਧਾਨੀ ਕਾਰਨ ਇਹ ਘਟਨਾ ਵਾਪਰਨ ਤੋਂ ਬਚ ਗਈ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਅਧੀਨ ਹੈ। 

PunjabKesari

ਇਸ ਮੌਕੇ ਪਿੰਡ ਗਹਿਲ ਦੇ ਸਰਪੰਚ ਬਲਵੀਰ ਸਿੰਘ ਮਾਨ, ਪੰਚ ਕਰਮਜੀਤ ਸਿੰਘ ਸਿੱਧੂ, ਜਗਦੇਵ ਸਿੰਘ ਸੰਧੂ, ਦਰਬਾਰ ਸਿੰਘ ਗਹਿਲ (ਕਿਸਾਨ ਆਗੂ), ਸੇਵਾਦਾਰ ਦਵਿੰਦਰ ਸਿੰਘ, ਰਾਜ ਸਿੰਘ, ਗੁਰਜੰਟ ਸਿੰਘ (ਮਾਤਾ ਸਾਹਿਬ ਕੌਰ ਕਾਲਜ) ਤੇ ਹੋਰ ਵੱਡੀ ਗਿਣਤੀ ’ਚ ਪਿੰਡ ਵਾਸੀ ਅਤੇ ਸੰਗਤ ਮੌਜੂਦ ਰਹੀ। ਸਾਰਿਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਵੱਡੇ ਪੱਧਰ ’ਤੇ ਜਾਂਚ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਉਥੇ ਹੀ ਦੂਜੇ ਪਾਸੇ ਥਾਣਾ ਟੱਲੇਵਾਲ ਦੇ ਮੁਖੀ ਜਗਜੀਤ ਸਿੰਘ ਨੇ ਸੰਪਰਕ ਕਰਨ ਅਤੇ ਕਿਹਾ ਕਿ ਇਸ ਮਾਮਲੇ ਡੂੰਘਾਈ ਨਾਲ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ।

PunjabKesari
PunjabKesari
PunjabKesari

By Gurpreet Singh

Leave a Reply

Your email address will not be published. Required fields are marked *