ਕਪਿਲ ਸ਼ਰਮਾ ਦੀ ਨਵੀਂ ਫਿਲਮ ਦਾ ਹਿੱਸਾ ਬਣੇ ਅਦਾਕਾਰ ਯੋਗਰਾਜ ਸਿੰਘ, ਅਲੱਗ ਤਰ੍ਹਾਂ ਦੇ ਰੋਲ ਵਿੱਚ ਆਉਣਗੇ ਨਜ਼ਰ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀ ਸਿਨੇਮਾ ਦੇ ਬਿਹਤਰੀਨ ਕਰੈਕਟਰ ਐਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਯੋਗਰਾਜ ਸਿੰਘ, ਜਿੰਨ੍ਹਾਂ ਨੂੰ ਬਾਲੀਵੁੱਡ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੀ ਆਨ ਫਲੌਰ ਹਿੰਦੀ ਫਿਲਮ ‘ਦਾਦੀ ਕੀ ਸ਼ਾਦੀ’ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਮੰਨੋਰੰਜਕ ਫਿਲਮ ਵਿੱਚ ਕਾਫ਼ੀ ਅਲਹਦਾ ਅਤੇ ਮਹੱਤਵਪੂਰਨ ਰੋਲ ਅਦਾ ਕਰਨ ਜਾ ਰਹੇ ਹਨ।

ਪਰਿਵਾਰਿਕ ਡ੍ਰਾਮੈਟਿਕ ਕਹਾਣੀਸਾਰ ਅਧਾਰਿਤ ਉਕਤ ਫਿਲਮ ਦਾ ਨਿਰਦੇਸ਼ਨ ਆਸ਼ੀਸ਼ ਆਰ ਮੋਹਨ ਕਰ ਰਹੇ ਹਨ, ਜਿੰਨ੍ਹਾਂ ਦੀ ਸ਼ਾਨਦਾਰ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਅਜ਼ੀਮ ਬਾਲੀਵੁੱਡ ਅਦਾਕਾਰਾ ਨੀਤੂ ਸਿੰਘ ਤੋਂ ਇਲਾਵਾ ਕਪਿਲ ਸ਼ਰਮਾ, ਸਾਦਿਆ ਖਤੀਬ, ਰਿਧਿਮਾ ਕਪੂਰ ਸਾਹਨੀ ਸ਼ਾਮਿਲ ਹਨ।
ਪੁਰਾਤਨ ਰੀਤੀ-ਰਿਵਾਜਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਨੂੰ ਪੰਜਾਬੀ ਰੰਗਾਂ ਅਤੇ ਵੰਨਗੀਆਂ ਨਾਲ ਵੀ ਅੋਤ ਪੋਤ ਕੀਤਾ ਗਿਆ ਹੈ, ਜਿਸ ਸੰਬੰਧਤ ਪ੍ਰਭਾਵੀ ਥੀਮ ਨੂੰ ਚਾਰ ਚੰਨ ਲਾਉਣ ਵਿੱਚ ਯੋਗਰਾਜ ਸਿੰਘ ਵੀ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ, ਜਿੰਨ੍ਹਾਂ ਦੁਆਰਾ ਅਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ‘ਬੀਬੀ ਰਜਨੀ’ ਸਮੇਤ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ‘ਚ ਭਾਵਪੂਰਨ ਰੋਲਜ਼ ਨੂੰ ਅੰਜ਼ਾਮ ਦੇ ਚੁੱਕੇ ਹਨ ਯੋਗਰਾਜ ਸਿੰਘ, ਜੋ ਕਾਫ਼ੀ ਲੰਮੇਂ ਵਕਫ਼ੇ ਬਾਅਦ ਕਿਸੇ ਹਿੰਦੀ ਫਿਲਮ ਦਾ ਹਿੱਸਾ ਬਣੇ ਹਨ, ਜੋ ਇਸ ਤੋਂ ਪਹਿਲਾਂ ਜਿੰਨ੍ਹਾਂ ਹਿੰਦੀ ਫਿਲਮਾਂ ਵਿੱਚ ਨਜ਼ਰ ਆਏ, ਉਹ ਸਨ ‘ਭਾਗ ਮਿਲਖਾ ਭਾਗ’ (2013) ‘ਸਿੰਘ ਇਜ ਬਲਿੰਗ’ (2015) ਅਤੇ ‘ਚੰਡੀਗੜ੍ਹ ਕਰੇ ਆਸ਼ਿਕੀ’ (2021), ਜਿੰਨ੍ਹਾਂ ਵਿੱਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰਾਂ ਨੂੰ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ।

ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਗਲਿਆਰਿਆਂ ਵਿੱਚ ਵੀ ਚਰਚਾ ਦਾ ਕੇਂਦਰ ਬਣੀ ਉਕਤ ਹਿੰਦੀ ਫਿਲਮ ਦੁਆਰਾ ਪਹਿਲੀ ਵਾਰ ਨੀਤੂ ਸਿੰਘ ਅਤੇ ਕਪਿਲ ਸ਼ਰਮਾ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ ਅਦਾਕਾਰ ਯੋਗਰਾਜ ਸਿੰਘ, ਜੋ ਅਪਣੀ ਇਸ ਫਿਲਮ ਅਤੇ ਇਸ ਵਿਚਲੇ ਰੋਲ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ।

By Gurpreet Singh

Leave a Reply

Your email address will not be published. Required fields are marked *