ਤੇਲੰਗਾਨਾ : ਤੇਲੰਗਾਨਾ ਦੇ ਆਦਿਲਾਬਾਦ ਜ਼ਿਲ੍ਹੇ ਦੇ ਬੰਗਾਰੀਗੁਡਾ ਪਿੰਡ ਵਿੱਚ ਇੱਕ 23 ਸਾਲਾ ਗਰਭਵਤੀ ਔਰਤ ਦੀ ਜ਼ਬਰਦਸਤੀ ਗਰਭਪਾਤ ਦੀਆਂ ਗੋਲੀਆਂ ਖਾਣ ਤੋਂ ਬਾਅਦ ਮੌਤ ਹੋ ਗਈ। ਇਹ ਦੁਖਦਾਈ ਘਟਨਾ 30 ਮਈ ਨੂੰ ਵਾਪਰੀ। ਪੁਲਸ ਨੇ ਸੋਮਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰਾਂ ਅਨੁਸਾਰ ਔਰਤ ਨੇ ਗਰਭਪਾਤ ਦੀਆਂ ਕੁਝ ਗੋਲੀਆਂ ਖਾਂ ਲਈਆਂ, ਜਿਸ ਤੋਂ ਬਾਅਦ ਉਸਦਾ ਬਹੁਤ ਜ਼ਿਆਦਾ ਖੂਨ ਵਹਿਣ ਲੱਗ ਪਿਆ। ਉਸਦੀ ਹਾਲਤ ਵਿਗੜਦੀ ਦੇਖ ਕੇ ਪਰਿਵਾਰ ਵਾਲੇ ਪਹਿਲਾਂ ਉਸਨੂੰ ਸਥਾਨਕ ਹਸਪਤਾਲ ਲੈ ਗਏ। ਉੱਥੋਂ ਡਾਕਟਰਾਂ ਦੀ ਸਲਾਹ ‘ਤੇ ਉਸਨੂੰ ਹੈਦਰਾਬਾਦ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਔਰਤ ਦੀ 31 ਮਈ ਨੂੰ ਮੌਤ ਹੋ ਗਈ।
ਗਰਭਵਤੀ ਔਰਤ ਦੇ ਪਰਿਵਾਰ ਵਲੋਂ ਗੰਭੀਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਔਰਤ ਦੇ ਪਤੀ ਨੇ ਜ਼ਬਰਦਸਤੀ ਉਸਨੂੰ ਗਰਭਪਾਤ ਦੀਆਂ ਗੋਲੀਆਂ ਦਿੱਤੀਆਂ, ਜਿਸ ਕਾਰਨ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ ਅਤੇ ਹੋਰ ਗੰਭੀਰ ਸਮੱਸਿਆਵਾਂ ਪੈਦਾ ਹੋਈਆਂ। ਪੁਲਸ ਨੇ ਇਸ ਸ਼ਿਕਾਇਤ ਦੇ ਆਧਾਰ ‘ਤੇ ਪਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ, ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਲਈ ਔਰਤ ਦੀ ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ।