ਨੈਸ਼ਨਲ ਟਾਈਮਜ਼ ਬਿਊਰੋ :-ਯੂਟਿਊਬਰ ਜਸਬੀਰ ਸਿੰਘ ਮਹਿਲ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਗ੍ਰਿਫ਼ਤਾਰ ਕਰਨ ਮਗਰੋਂ ਮੋਹਾਲੀ ਦੀ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਗਿਆ। ਸਰਕਾਰੀ ਵਕੀਲ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜਸਬੀਰ ਨੇ ਕਈ ਵੱਡੇ ਖੁਲਾਸੇ ਕੀਤੇ ਹਨ, ਜੋ ਭਾਰਤ ਖ਼ਿਲਾਫ ਚੱਲ ਰਹੀ ਇੱਕ ਵੱਡੀ ਜਾਸੂਸੀ ਰਚਨਾ ਵੱਲ ਇਸ਼ਾਰਾ ਕਰਦੇ ਹਨ।
ਜਸਬੀਰ ਨੇ ਦੱਸਿਆ ਕਿ ਉਸ ਦੀ ਮੁਲਾਕਾਤ ISI ਏਜੰਟ ਦਾਨਿਸ਼ ਨਾਲ ਕਰਵਾਈ ਗਈ ਸੀ, ਜਿਸ ਦਾ ਇੰਤਜ਼ਾਮ ਨਾਸਿਰ ਢਿੱਲੋਂ ਨੇ ਕੀਤਾ, ਜੋ ਕਿ ਪਾਕਿਸਤਾਨੀ ਪੁਲਿਸ ਦਾ ਸਾਬਕਾ ਸਬ-ਇੰਸਪੈਕਟਰ ਤੇ ਵਲੋਂਟਰੀ ਯੂਟਿਊਬਰ ਹੈ। ਦੱਸਿਆ ਜਾ ਰਿਹਾ ਹੈ ਕਿ ਜਸਬੀਰ 6 ਵਾਰੀ ਪਾਕਿਸਤਾਨ ਜਾ ਚੁੱਕਾ ਹੈ ਅਤੇ ਇਕ ਵਾਰ ਉਸਦੇ ਲੈਪਟਾਪ ਨੂੰ ISI ਏਜੰਟ ਕੋਲ 1.5 ਘੰਟੇ ਲਈ ਰਿਹਾ।
ਪੁਲਿਸ ਅਨੁਸਾਰ, ਜਸਬੀਰ ਸਿੰਘ ਦੇ ਮੋਬਾਈਲ ਤੋਂ 150 ਪਾਕਿਸਤਾਨੀ ਸੰਪਰਕ ਮਿਲੇ ਹਨ। ਇਨ੍ਹਾਂ ‘ਚੋਂ ਕਈ ਸੰਭਾਵੀ ਤੌਰ ‘ਤੇ ISI ਨਾਲ ਸੰਬੰਧਿਤ ਹੋ ਸਕਦੇ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ ਦਾਨਿਸ਼ ਨੇ ਜਸਬੀਰ ਤੋਂ ਭਾਰਤੀ ਸਿਮ ਮੰਗਵਾਈ ਸੀ ਅਤੇ ਉਸ ਨੇ ਆਪਣੀ ਇਕ ਮਹਿਲਾ ਮਿੱਤਰ ਦੀ ਭੀ ਦਾਨਿਸ਼ ਨਾਲ ਮੁਲਾਕਾਤ ਕਰਵਾਈ ਸੀ।
ਇਸ ਮਾਮਲੇ ‘ਚ ਸਰਕਾਰ ਵੱਲੋਂ 7 ਦਿਨਾਂ ਦੀ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਹੈ, ਤਾਂ ਜੋ ਲੈਪਟਾਪ ਅਤੇ ਹੋਰ ਡਿਵਾਈਸਿਜ਼ ਦੀ ਡਿਟੇਲ ਜਾਂਚ ਕੀਤੀ ਜਾ ਸਕੇ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ, ਜੋ ਭਾਰਤੀ ਯੂਟਿਊਬਰਾਂ ਦੀ ਪਾਕਿਸਤਾਨ ਵਿੱਚ ਮਹਿਮਾਨਬਾਜ਼ੀ ਕਰਦਾ ਹੈ, ISI ਨਾਲ ਮਿਲਕੇ ਜਾਸੂਸੀ ਰੈਕੇਟ ਚਲਾ ਰਿਹਾ ਹੈ।
ਜਾਣਕਾਰੀ ਮੁਤਾਬਕ, ਨਾਸਿਰ ਢਿੱਲੋਂ ਨੇ ਜਸਬੀਰ ਅਤੇ ਜੋਤੀ ਮਲਹੋਤਰਾ ਨੂੰ ਲਾਹੌਰ ਵਿੱਚ ਮਿਲਵਾਇਆ ਸੀ, ਜਿੱਥੇ ਦੋਹਾਂ 10 ਦਿਨ ਇਕੱਠੇ ਰਹੇ। ਦਾਨਿਸ਼ ਵੱਲੋਂ ਇਨ੍ਹਾਂ ਯੂਟਿਊਬਰਾਂ ਨੂੰ ISI ਅਧਿਕਾਰੀਆਂ ਨਾਲ ਮਿਲਾ ਕੇ ਉਨ੍ਹਾਂ ਤੋਂ ਜਾਸੂਸੀ ਸੰਬੰਧੀ ਕੰਮ ਲਏ ਜਾਂਦੇ ਸਨ ਅਤੇ ਬਾਅਦ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵਿੱਚ ਬੁਲਾਇਆ ਜਾਂਦਾ ਸੀ।
ਇਹ ਮਾਮਲਾ ਸਿਰਫ ਇੱਕ ਯੂਟਿਊਬਰ ਤੱਕ ਸੀਮਤ ਨਹੀਂ ਹੈ, ਸੁਰੱਖਿਆ ਏਜੰਸੀਆਂ ਨੂੰ ਡਰ ਹੈ ਕਿ ਪਾਕਿਸਤਾਨੀ ਪੁਲਿਸ ਦੇ ਕਈ ਸਾਬਕਾ ਅਧਿਕਾਰੀ ਅਤੇ ਯੂਟਿਊਬਰ ਭਾਰਤ ਖ਼ਿਲਾਫ਼ ਚੱਲ ਰਹੀ ਜਾਸੂਸੀ ਸਾਜ਼ਿਸ਼ ਵਿੱਚ ਸ਼ਾਮਿਲ ਹੋ ਸਕਦੇ ਹਨ।