ਨਵਾਂਸ਼ਹਿਰ – ਪੰਜਾਬ ਵਿਚ ਪੈ ਰਹੀ ਅਤਿ ਦੀ ਗਰਮੀ ਦਰਮਿਆਨ ਦੁਕਾਨਦਾਰਾਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਤਾਰੀਖ਼ਾਂ ਨੂੰ ਦੁਕਾਨਾਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਇਸੇ ਤਹਿਤ ਨਵਾਂਸ਼ਹਿਰ ਵਿਚ ਵੀ ਕਰੀਬ 4 ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜਿਊਲਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਨਵਾਂਸ਼ਹਿਰ ਦੇ ਰਾਹੋਂ ਰੋਡ ’ਤੇ ਸਥਿਤ ਸਵਰਨਕਾਰ ਭਵਨ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਰਜਨੀਸ਼ ਜੈਨ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਕਾਰਨ ਸਰਾਫ਼ਾ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ 26 ਤੋਂ 29 ਜੂਨ ਤੱਕ ਬੰਦ ਰਹਿਣਗੀਆਂ। ਇਸ ਮੌਕੇ ‘ਤੇ ਅਕਸ਼ੇ ਕੁਮਾਰ, ਰਜਨੀਸ਼ ਜੈਨ, ਸੁਭਾਸ਼ ਵਰਮਾ, ਬਲਜੀਤ ਰਾਏ ਸੁਦੇਰਾ ਅਤੇ ਤ੍ਰਿਲੋਕ ਸਿੰਘ ਆਦਿ ਹਾਜ਼ਰ ਸਨ।
ਜਲੰਧਰ ਵਿਚ ਵੀ ਬੰਦ ਰਹਿਣਗੇ ਇਹ ਬਾਜ਼ਾਰ
ਜਲੰਧਰ ਸ਼ਹਿਰ ਵਿਚ ਸਭ ਤੋਂ ਪ੍ਰਮੁੱਖ ਬਾਜ਼ਾਰਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਬਾਜ਼ਾਰਾਂ ਵਿਚ ਅਟਾਰੀ ਬਾਜ਼ਾਰ, ਪੰਜਪੀਰ ਬਾਜ਼ਾਰ, ਰਸਤਾ ਮੁਹੱਲਾ, ਭਾਂਡਿਆਂ ਵਾਲਾ ਬਾਜ਼ਾਰ, ਭਗਤ ਸਿੰਘ ਚੌਂਕ, ਪ੍ਰਤਾਪ ਬਾਗ ਮਾਰਕਿਟ ਅਤੇ ਹੋਰ ਨੇੜੇ ਦੇ ਬਾਜ਼ਾਰ (ਸਿਰਫ਼ ਜੁੱਤੀਆਂ ਦੀ ਮਾਰਕਿਟ) 6 ਦਿਨ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਇਹ ਜਾਣਕਾਰੀ ਹੋਲਸੇਲ ਸ਼ੂ ਮਰਚੇਂਟ ਐਸੋਸੀਏਸ਼ਨ ਨੇ ਸਾਂਝੀ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਮਨਚੰਦਾ ਨੇ ਕਿਹਾ ਕਿ ਉਕਤ ਬਾਜ਼ਾਰ 23 ਜੂਨ ਤੋਂ 28 ਜੂਨ ਤੱਕ ਬੰਦ ਰਹਿਣਗੇ। ਉਕਤ ਬਾਜ਼ਾਰਾਂ ਵਿਚ ਚੱਪਲਾਂ ਅਤੇ ਜੁੱਤੀਆਂ ਦੀਆਂ ਸਾਰੀਆਂ ਦੁਕਾਨਾਂ ਗਰਮੀਆਂ ਦੀਆਂ ਛੁੱਟੀਆਂ ਕਾਰਨ ਬੰਦ ਰਹਿਣਗੀਆਂ। ਇਹ ਫ਼ੈਸਲਾ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ।