ਚਲਾਨ ਭਰਨ ਆਏ ਡਰਾਈਵਰਾਂ ਨੂੰ ਝਟਕਾ : RTO ਵਿਭਾਗੀ ਸਾਈਟ ਦਿਨ ਭਰ ਰਹੀ ਠੱਪ, ਲੋਕਾਂ ਨੇ ਪ੍ਰਸ਼ਾਸਨ ‘ਤੇ ਚੁੱਕੇ ਸਵਾਲ

ਨੈਸ਼ਨਲ ਟਾਈਮਜ਼ ਬਿਊਰੋ :- ਵਾਹਨ ਚਾਲਕਾਂ ਦੇ ਟ੍ਰੈਫ਼ਿਕ ਚਾਲਾਨ ਕੱਟੇ ਜਾਣ ਮਗਰੋਂ ਸੋਮਵਾਰ ਨੂੰ ਖੇਤਰੀ ਟਰਾਂਸਪੋਰਟ ਦਫ਼ਤਰ (RTO) ਵਿਖੇ ਚਾਲਾਨ ਭਰਨ ਆਏ ਡਰਾਈਵਰਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਵਿਭਾਗੀ ਸਾਈਟ ਪੂਰਾ ਦਿਨ ਬੰਦ ਰਹੀ ਅਤੇ ਕਿਸੇ ਦਾ ਚਾਲਾਨ ਵੀ ਨਹੀਂ ਕੱਟਿਆ ਜਾ ਸਕਿਆ। ਇਸ ਕਾਰਨ ਵੱਡੀ ਗਿਣਤੀ ਵਿਚ ਆਏ ਲੋਕ ਆਪਣੇ ਦਸਤਾਵੇਜ਼ਾਂ ਨਾਲ ਘੰਟਿਆਂਬੱਧੀ ਇੰਤਜ਼ਾਰ ਕਰਦੇ ਰਹੇ ਪਰ ਕੰਮ ਠੱਪ ਰਿਹਾ, ਜਦੋਂ ਦੁਪਹਿਰ ਇਕ ਵਜੇ ਤੱਕ ਕੋਈ ਹਰਕਤ ਨਾ ਵੇਖ ਕੇ ARTO ਵਿਸ਼ਾਲ ਗੋਇਲ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਅੱਜ ਕੋਈ ਚਾਲਾਨ ਨਹੀਂ ਕੱਟਿਆ ਜਾਵੇਗਾ, ਉਹ ਕੱਲ ਆ ਕੇ ਕੋਸ਼ਿਸ਼ ਕਰਨ। ਇਸ ਤੋਂ ਨਿਰਾਸ਼ ਹੋ ਕੇ ਵਾਪਸ ਆਉਂਦੇ ਲੋਕ RTO ਦਫ਼ਤਰ ਦੇ ਸਿਸਟਮ ’ਤੇ ਸਵਾਲ ਉਠਾਉਂਦੇ ਦੇਖੇ ਗਏ।
ਸੋਮਵਾਰ ਸਵੇਰੇ 9 ਵਜੇ ਤੋਂ ਹੀ ਵੱਡੀ ਗਿਣਤੀ ਵਿਚ ਡਰਾਈਵਰ ਆਪਣੇ ਟ੍ਰੈਫਿਕ ਚਾਲਾਨਾਂ ਦਾ ਨਿਪਟਾਰਾ ਕਰਨ ਲਈ RTO ਦਫ਼ਤਰ ਪਹੁੰਚਣੇ ਸ਼ੁਰੂ ਹੋ ਗਏ ਸਨ ਪਰ ਸਾਈਟ ਬੰਦ ਹੋਣ ਕਾਰਨ ਚਾਲਾਨਾਂ ਦਾ ਨਿਪਟਾਰਾ ਨਹੀਂ ਹੋ ਸਕਿਆ। ਲੋਕ ਕਾਫ਼ੀ ਦੇਰ ਤੱਕ ਇੰਤਜ਼ਾਰ ਕਰਦੇ ਰਹੇ ਕਿ ਆਖਰਕਾਰ ਸਾਈਟ ਖੁੱਲ੍ਹ ਜਾਵੇਗੀ ਅਤੇ ਉਹ ਚਾਲਾਨ ਦਾ ਭੁਗਤਾਨ ਕਰ ਕੇ ਆਪਣਾ ਕੰਮ ਨਿਪਟਾ ਸਕਣਗੇ।

ਲਗਭਗ 12 ਵਜੇ ਤੋਂ ਬਾਅਦ ARTO ਵਿਸ਼ਾਲ ਗੋਇਲ ਨੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਵਿਭਾਗੀ ਵਾਹਨ ਸਾਈਟ ਕਿਸੇ ਤਕਨੀਕੀ ਕਾਰਨ ਕਰ ਕੇ ਬੰਦ ਹੈ ਅਤੇ ਚਾਲਾਨ ਦਾ ਨਿਪਟਾਰਾ ਅੱਜ ਸੰਭਵ ਨਹੀਂ ਹੋਵੇਗਾ। ਇਸ ਦੇ ਨਾਲ ਹੀ ਚਾਲਾਨ ਦੀਆਂ ਖਿੜਕੀਆਂ ’ਤੇ ਕੰਮ ਬੰਦ ਕਰਨ ਸਬੰਧੀ ਇਕ ਨੋਟਿਸ ਵੀ ਚਿਪਕਾਇਆ ਗਿਆ। ਇਸ ਨਾਲ ਲੋਕਾਂ ਵਿਚ ਗੁੱਸਾ ਪੈਦਾ ਹੋਇਆ ਕਿ ਉਹ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਏ ਸਨ ਅਤੇ ਉਨ੍ਹਾਂ ਦਾ ਪੂਰਾ ਦਿਨ ਬਰਬਾਦ ਹੋ ਗਿਆ, ਫਿਰ ਵੀ ਚਾਲਾਨ ਦਾ ਜੁਰਮਾਨਾ ਨਹੀਂ ਭਰਿਆ ਜਾ ਸਕਿਆ ਅਤੇ ਨਿਪਟਾਰਾ ਨਹੀਂ ਹੋ ਸਕਿਆ।
RTO ਦੇ ਪ੍ਰਬੰਧਾਂ ‘ਤੇ ਸਵਾਲ ਉਠਾਉਂਦੇ ਹੋਏ ਕਰਤਾਰਪੁਰ ਦੇ ਇਕ ਡਰਾਈਵਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਸਵੇਰੇ 8 ਵਜੇ ਨਿਕਲਿਆ ਸੀ ਤਾਂ ਜੋ ਮੈਂ ਸਮੇਂ ਸਿਰ ਪਹੁੰਚ ਸਕਾਂ ਤੇ ਚਾਲਾਨ ਦਾ ਨਿਪਟਾਰਾ ਕਰ ਸਕਾਂ। ਮੈਂ ਇੱਥੇ ਪਹੁੰਚਣ ਤੋਂ ਬਾਅਦ ਘੰਟਿਆਂ ਤੱਕ ਇੰਤਜ਼ਾਰ ਕੀਤ ਪਰ ਨਾ ਤਾਂ ਕੋਈ ਠੋਸ ਜਾਣਕਾਰੀ ਦਿੱਤੀ ਗਈ ਤੇ ਨਾ ਹੀ ਕੋਈ ਪ੍ਰਬੰਧ ਕੀਤਾ ਗਿਆ। ਜੰਡੂਸਿੰਘਾ ਤੋਂ ਆਏ ਰਮੇਸ਼ ਕੁਮਾਰ ਨੇ ਕਿਹਾ ਕਿ ਜੇਕਰ ਸਾਈਟ ਕੰਮ ਨਹੀਂ ਕਰ ਰਹੀ ਸੀ ਤਾਂ ਮੁੱਖ ਦਫ਼ਤਰ ਨੂੰ ਇਸ ਬਾਰੇ ਪੁੱਛਗਿੱਛ ਕਰਨੀ ਚਾਹੀਦੀ ਸੀ ਤੇ ਸਮੇਂ ਸਿਰ ਜਾਣਕਾਰੀ ਦੇਣੀ ਚਾਹੀਦੀ ਸੀ।

RTO ਵਿਚ ਜਨਤਕ ਸੇਵਾ ਖਿੜਕੀ ਵੀ ਅੱਧੀ ਬੰਦ ਹੈ, ਕੰਮ ਠੱਪ ਹੈ
RTO ਦਫ਼ਤਰ ਵਿਚ ਜਨਤਕ ਸੇਵਾ ਲਈ ਕੁੱਲ 4 ਖਿੜਕੀਆਂ ਹਨ ਪਰ ਸੋਮਵਾਰ ਨੂੰ ਇਨ੍ਹਾਂ ਵਿਚੋਂ ਸਿਰਫ਼ 2 ਹੀ ਚਾਲੂ ਸਨ। ਦੋ ਖਿੜਕੀਆਂ ਪੂਰੀ ਤਰ੍ਹਾਂ ਬੰਦ ਰਹੀਆਂ, ਜਿਸ ਕਾਰਨ ਕੰਮ ਵਿਚ ਹੋਰ ਦੇਰੀ ਹੋਈ। ਦੱਸਿਆ ਗਿਆ ਕਿ ਇਨ੍ਹਾਂ ਖਿੜਕੀਆਂ ਨਾਲ ਜੁੜੇ ਕਰਮਚਾਰੀ ਅਦਾਲਤ ਵਿਚ ਚੱਲ ਰਹੇ ਇਕ ਕੇਸ ਨਾਲ ਸਬੰਧਤ ਸੰਮਨਾਂ ਕਾਰਨ ਪੇਸ਼ ਨਹੀਂ ਹੋ ਸਕੇ। ਇਸ ’ਤੇ ਲੋਕਾਂ ਨੇ ਸਵਾਲ ਕੀਤਾ ਕਿ ਜੇਕਰ ਪਹਿਲਾਂ ਤੋਂ ਪਤਾ ਸੀ ਕਿ ਕਰਮਚਾਰੀ ਅਦਾਲਤ ਜਾਣਗੇ ਤਾਂ ਵਿਕਲਪਕ ਪ੍ਰਬੰਧ ਕਿਉਂ ਨਹੀਂ ਕੀਤੇ ਗਏ?

ਇਹ ਅਸਥਾਨੀ ਤਕਨੀਕੀ ਖ਼ਰਾਬੀ’: ARTO
ਇਸ ਦਾ ਜਵਾਬ ਦਿੰਦੇ ਹੋਏ, ARTO ਵਿਸ਼ਾਲ ਗੋਇਲ ਨੇ ਕਿਹਾ ਕਿ ਇਹ ਇਕ ਅਸਥਾਈ ਤਕਨੀਕੀ ਖਰਾਬੀ ਸੀ, ਜੋ ਸਾਈਟ ਦੇ ਅਪਡੇਟ ਜਾਂ ਡਾਊਨ ਹੋਣ ਕਾਰਨ ਹੋਈ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਰੇ ਸਬੰਧਤ ਤਕਨੀਕੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਸਾਨੂੰ ਉਮੀਦ ਹੈ ਕਿ ਕੱਲ ਤੋਂ ਸਾਈਟ ਸੁਚਾਰੂ ਢੰਗ ਨਾਲ ਕੰਮ ਕਰੇਗੀ। ਨਾਲ ਹੀ, ਦੋ ਖਿੜਕੀਆਂ ਬੰਦ ਹੋਣ ਦਾ ਕਾਰਨ ਅਦਾਲਤ ਦੇ ਸੰਮਨ ਹਨ, ਕਰਮਚਾਰੀਆਂ ਦੇ ਵਾਪਸ ਆਉਂਦੇ ਹੀ ਖਿੜਕੀਆਂ ਖੋਲ੍ਹ ਦਿੱਤੀਆਂ ਜਾਣਗੀਆਂ।

By Gurpreet Singh

Leave a Reply

Your email address will not be published. Required fields are marked *