‘ਯੁੱਧ ਨਸ਼ਿਆਂ ਵਿਰੁੱਧ’ ਦੇ 100 ਦਿਨ ਪੂਰੇ, 78.52 ਕਰੋੜ ਰੁਪਏ ਦੀਆਂ ਜਾਇਦਾਦਾਂ ਫਰੀਜ਼

ਚੰਡੀਗੜ੍ਹ/ਜਲੰਧਰ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਡਰੱਗ ਸਿੰਡੀਕੇਟਾਂ ਨੂੰ ਕਰਾਰਾ ਵਿੱਤੀ ਝਟਕਾ ਦਿੱਤਾ ਹੈ, ਜਿਸ ਤਹਿਤ ਪੰਜਾਬ ਪੁਲਸ ਨੇ ਇਸ ਮੁਹਿੰਮ ਦੇ ਪਹਿਲੇ 100 ਦਿਨਾਂ ਦੌਰਾਨ 157 ਨਸ਼ਾ ਸਮੱਗਲਰਾਂ ਦੀਆਂ 78.52 ਕਰੋੜ ਰੁਪਏ ਦੀਆਂ ਗੈਰ-ਕਾਨੂੰਨੀ ਤੌਰ ’ਤੇ ਪ੍ਰਾਪਤ ਕੀਤੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਹੈ ਅਤੇ 13.03 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। 1 ਮਾਰਚ, 2025 ਨੂੰ ਇਸ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਉਪਰੰਤ ਪੰਜਾਬ ਪੁਲਸ ਵੱਲੋਂ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸੂਬੇ ਦੇ ਸਾਰੇ 28 ਪੁਲਸ ਜ਼ਿਲਿਆਂ ’ਚ ਰੋਜ਼ਾਨਾ ਇਕੋ ਸਮੇਂ ਆਪ੍ਰੇਸ਼ਨ ਚਲਾਏ ਜਾ ਰਹੇ ਹਨ।

ਸਪੈਸ਼ਲ ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ 48 ਵੱਡੇ ਹਵਾਲਾ ਸੰਚਾਲਕਾਂ ਦੀ ਗ੍ਰਿਫ਼ਤਾਰੀ ਨਾਲ ਹਵਾਲਾ ਨੈੱਟਵਰਕ ਨੂੰ ਕਰਾਰਾ ਝਟਕਾ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ 13.03 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਨਸ਼ਾ ਸਮੱਗਲਰਾਂ ਦੀਆਂ ਗੈਰ-ਕਾਨੂੰਨੀ ਤੌਰ ’ਤੇ ਹਾਸਲ ਕੀਤੀਆਂ ਜਾਇਦਾਦਾਂ ਨੂੰ ਫਰੀਜ਼ ਕਰਨ ਅਤੇ ਡਰੱਗ ਮਨੀ ਜ਼ਬਤ ਕਰਨ ਨਾਲ ਨਸ਼ਾ ਸਮੱਗਲਰਾਂ ਦੇ ਆਰਥਿਕ ਢਾਂਚੇ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 100 ਦਿਨਾਂ ਦੇ ਵੇਰਵੇ ਸਾਂਝੇ ਕਰਦਿਆਂ ਸਪੈਸ਼ਲ ਡੀ.ਜੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਸ ਨੇ 1 ਮਾਰਚ, 2025 ਤੋਂ ਹੁਣ ਤੱਕ 9693 ਐੱਫ.ਆਈ.ਆਰਜ਼ ਦਰਜ ਕੀਤੀਆਂ ਹਨ ਤੇ 16,533 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ 627 ਕਿੱਲੋਗ੍ਰਾਮ ਹੈਰੋਇਨ, 252 ਕਿੱਲੋਗ੍ਰਾਮ ਅਫੀਮ, 15 ਟਨ ਭੁੱਕੀ, 9 ਕਿੱਲੋਗ੍ਰਾਮ ਚਰਸ, 264 ਕਿੱਲੋਗ੍ਰਾਮ ਗਾਂਜਾ, 2.7 ਕਿੱਲੋਗ੍ਰਾਮ ਆਈ.ਸੀ.ਈ., 2.6 ਕਿੱਲੋਗ੍ਰਾਮ ਕੋਕੀਨ ਅਤੇ 26.51 ਲੱਖ ਨਸ਼ੇ ਦੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ ਹਨ।

ਪੰਜਾਬ ਪੁਲਸ ਨੇ ਸੋਮਵਾਰ ਨੂੰ 127 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ 4.1 ਕਿੱਲੋ ਹੈਰੋਇਨ, 20 ਕਿੱਲੋ ਭੁੱਕੀ ਅਤੇ 2.20 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। 90 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਸ ਮੁਲਾਜ਼ਮਾਂ ਵਾਲੀਆਂ 200 ਤੋਂ ਵੱਧ ਪੁਲਸ ਟੀਮਾਂ ਨੇ ਸੂਬੇ ਭਰ ’ਚ 466 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ, ਜਿਸ ਦੇ ਚੱਲਦਿਆਂ ਸੂਬੇ ਭਰ ’ਚ 99 ਐੱਫ.ਆਈ.ਆਰਜ਼ ਦਰਜ ਕੀਤੀਆਂ ਹਨ। ਆਪ੍ਰੇਸ਼ਨ ਦੌਰਾਨ 489 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ਹੈ।

By Gurpreet Singh

Leave a Reply

Your email address will not be published. Required fields are marked *