ਕੈਨੇਡਾ ਅਤੇ ਅਮਰੀਕਾ ਨੇ ਸੰਭਾਵਤ ਸਮਝੌਤੇ ਦੀਆਂ ਸ਼ਰਤਾਂ ਬਾਰੇ ਇੱਕ ਦੂਸਰੇ ਨੂੰ ਦਿੱਤੇ ਦਸਤਾਵੇਜ਼: ਸੂਤਰ

ਨੈਸ਼ਨਲ ਟਾਈਮਜ਼ ਬਿਊਰੋ :- ਇਹ ਸੰਕੇਤ ਮਿਲਿਆ ਹੈ ਕਿ ਕੈਨੇਡਾ ਅਤੇ ਅਮਰੀਕਾ ਕਿਸੇ ਤਰ੍ਹਾਂ ਦੇ ਵਪਾਰਕ ਸਮਝੌਤੇ ਵੱਲ ਅੱਗੇ ਵਧ ਰਹੇ ਹਨ। ਸੀਬੀਸੀ ਨਿਊਜ਼ ਅਤੇ ਰੇਡੀਓ-ਕੈਨੇਡਾ ਨੂੰ ਜਾਣਕਾਰੀ ਮਿਲੀ ਹੈ ਕਿ ਇੱਕ ਕੰਮਕਾਜੀ ਦਸਤਾਵੇਜ਼ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸੰਭਾਵਤ ਸਮਝੌਤੇ ਦੇ ਵੇਰਵੇ ਦਰਜ ਹਨ।

ਤਿੰਨ ਸੂਤਰਾਂ, ਜਿਨ੍ਹਾਂ ਕੋਲ ਇਸ ਮਾਮਲੇ ਦੀ ਸਿੱਧੀ ਜਾਣਕਾਰੀ ਹੈ, ਨੇ ਦੱਸਿਆ ਕਿ ਇਸ ਦਸਤਾਵੇਜ਼ ਦਾ ਕੈਨੇਡਾ ਅਤੇ ਅਮਰੀਕਾ ਵਿਚਕਾਰ ਕਈ ਵਾਰੀ ਆਦਾਨ-ਪ੍ਰਦਾਨ ਹੋਇਆ ਹੈ। ਇਹ ਸੂਤਰ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਗੱਲ ਕਰ ਰਹੇ ਸਨ ਕਿਉਂਕਿ ਮਾਮਲਾ ਸੰਵੇਦਨਸ਼ੀਲ ਹੈ।

ਹਾਲਾਂਕਿ ਇਹ ਸਮਝੌਤੇ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ, ਪਰ ਕਈ ਸੂਤਰਾਂ ਨੇ ਆਗਾਹ ਕੀਤਾ ਹੈ ਕਿ ਹਾਲੇ ਵੀ ਕਾਫੀ ਕੰਮ ਬਾਕੀ ਹੈ।

ਦੋ ਸੂਤਰਾਂ ਮੁਤਾਬਕ, ਅਗਲੇ ਹਫ਼ਤੇ ਐਲਬਰਟਾ ਵਿੱਚ ਹੋਣ ਵਾਲੇ ਜੀ-7 ਸੰਮੇਲਨ ਤੋਂ ਪਹਿਲਾਂ ਸਮਝੌਤਾ ਤੈਅ ਹੋਣ ਦੀ ਕੋਈ ਉਮੀਦ ਨਹੀਂ।ਇੱਕ ਚੌਥੇ ਅਧਿਕਾਰੀ ਨੇ ਇਸ ਮਾਮਲੇ ‘ਤੇ ਦੱਸਦਿਆਂ ਕਿਹਾ, ਹਾਲੇ ਤੱਕ ਦੋਹਾਂ ਦੇਸ਼ਾਂ ਨੇ ਕਿਸੇ ਸਮਝੌਤੇ ‘ਤੇ ਸਹਿਮਤੀ ਨਹੀਂ ਦਿੱਤੀ।ਉਨ੍ਹਾਂ ਕਿਹਾ, ਕਿਸੇ ਵੀ ਗੱਲਬਾਤ ਵਿਚ, ਵੱਖ-ਵੱਖ ਸੰਭਾਵਤ ਸਥਿਤੀਆਂ ਵਾਲੇ ਕਈ ਦਸਤਾਵੇਜ਼ ਦੋਹਾਂ ਪਾਸਿਆਂ ਵੱਲੋਂ ਭੇਜੇ ਜਾਂਦੇ ਹਨ।ਸੀਬੀਸੀ ਨਿਊਜ਼ ਨੇ ਇਹ ਦਸਤਾਵੇਜ਼ ਨਹੀਂ ਵੇਖਿਆ ਹੈ, ਪਰ ਇੱਕ ਸੂਤਰ ਨੇ ਰੇਡੀਓ-ਕੈਨੇਡਾ ਨੂੰ ਦੱਸਿਆ ਕਿ ਇਹ ਪੰਜ ਸਫ਼ਿਆਂ ਤੋਂ ਘੱਟ ਹੈ।ਉਸ ਸੂਤਰ ਅਨੁਸਾਰ, ਇਸ ਵਿੱਚ ਦਰਸਾਇਆ ਗਿਆ ਹੈ ਕਿ ਕੈਨੇਡਾ Golden Dome ਸੁਰੱਖਿਆ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੈ, ਜੋ ਕਿ ਸ਼ੁਰੂਆਤੀ ਤੌਰ ‘ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸੁਝਾਇਆ ਸੀ।ਦਸਤਾਵੇਜ਼ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਕੈਨੇਡਾ ਆਰਕਟਿਕ ਖੇਤਰ ਵਿੱਚ ਹੋਰ ਇੰਨਫਰਾਸਟਰੱਕਚਰ ਬਣਾਉਣ, ਨਾਟੋ ਦੇ ਖ਼ਰਚੇ ਸਬੰਧੀ ਟੀਚੇ ਪੂਰੇ ਕਰਨ, ਅਤੇ ਸਰਹੱਦੀ ਸੁਰੱਖਿਆ ਲਈ ਪਹਿਲਾਂ ਹੀ ਐਲਾਨ ਕੀਤੇ ਨਿਵੇਸ਼ ਕਰਨ ਦੇ ਵਾਅਦੇ ਕਰ ਰਿਹਾ ਹੈ।

ਕੈਨੇਡਾ-ਅਮਰੀਕਾ ਸਬੰਧਾਂ ਵਿਚ ਤਣਾਅ ਦਾ ਨੁਕਤਾ

ਕੈਨੇਡਾ ਦਾ ਘਰੇਲੂ ਅਤੇ ਵਿਸ਼ਵ ਪੱਧਰੀ ਸੁਰੱਖਿਆ ਵਿਚ ਯੋਗਦਾਨ ਹੁਣ ਕੈਨੇਡਾ-ਅਮਰੀਕਾ ਸੰਬੰਧਾਂ ਵਿੱਚ ਇੱਕ ਤਣਾਅ ਵਾਲਾ ਮੁੱਦਾ ਬਣ ਗਿਆ ਹੈ। ਟਰੰਪ ਨੇ ਕੈਨੇਡਾ ਉੱਤੇ ਇਲਜ਼ਾਮ ਲਾਇਆ ਹੈ ਕਿ ਉਹ ਬਣਦਾ ਯੋਗਦਾਨ ਨਹੀਂ ਪਾ ਰਿਹਾ।

ਹਾਲਾਂਕਿ ਕੈਨੇਡਾ ਨੇ ਅਮਰੀਕੀ ਟੈਰਿਫ਼ਾਂ ਵਿੱਚ ਛੋਟ ਲਈ ਜ਼ੋਰਦਾਰ ਕੋਸ਼ਿਸ਼ ਕੀਤੀ ਹੈ, ਪਰ ਇਹ ਅਜੇ ਤੱਕ ਸਾਫ਼ ਨਹੀਂ ਹੋਇਆ ਕਿ ਅਮਰੀਕਾ ਕਿਸ ਚੀਜ਼ ਲਈ ਵਚਨਬੱਧ ਹੋਣ ਦਾ ਇਰਾਦਾ ਰੱਖਦਾ ਹੈ।

ਅਮਰੀਕਾ ਵੱਲੋਂ ਕੈਨੇਡਾ ਦੇ ਨਿਰਯਾਤਾਂ ‘ਤੇ ਵਿਆਪਕ ਟੈਰਿਫ਼ ਲਾਏ ਗਏ ਹਨ, ਹਾਲਾਂਕਿ ਕਈ ਉਤਪਾਦਾਂ ਲਈ ਛੋਟਾਂ ਅਤੇ ਅਪਵਾਦ ਵੀ ਹਨ।

ਟਰੰਪ ਨੇ ਕੈਨੇਡਾ ਦੇ ਸਾਰੇ ਉਤਪਾਦਾਂ ‘ਤੇ 25% ਅਤੇ ਉਰਜਾ ਉਤਪਾਦਾਂ ‘ਤੇ 10% ਟੈਰਿਫ਼ ਲਾਇਆ ਹੈ। ਇਸ ਦੀ ਦਲੀਲ ਸਰਹੱਦੀ ਸੁਰੱਖਿਆ ਅਤੇ ਅਮਰੀਕਾ ਵਿੱਚ ਫ਼ੈਨਟਾਨਿਲ ਦੀ ਆਮਦ ਨੂੰ ਲੈ ਕੇ ਚਿੰਤਾ ਬਣਾਇਆ ਗਿਆ ਹੈ।

ਹਾਲਾਂਕਿ ਜੋ ਉਤਪਾਦ Canada-U.S.-Mexico Agreement (CUSMA) ਦੇ ਅਨੁਕੂਲ ਹਨ, ਉਨ੍ਹਾਂ ਨੂੰ ਇਹਨਾਂ ਟੈਰਿਫ਼ਾਂ ਤੋਂ ਛੋਟ ਦਿੱਤੀ ਗਈ ਹੈ।

ਆਟੋ ਉਦਯੋਗ ‘ਤੇ ਵੀ ਟੈਰਿਫ਼ ਲਾਏ ਗਏ ਹਨ, ਪਰ ਇੱਥੇ ਵੀ CUSMA ਦੇ ਅਨੁਕੂਲ ਪੁਰਜ਼ਿਆਂ ਲਈ ਛੋਟ ਦਿੱਤੀ ਗਈ ਹੈ।

ਪਿਛਲੇ ਹਫ਼ਤੇ ਟਰੰਪ ਨੇ ਲਗਭਗ ਸਾਰੇ ਅਮਰੀਕੀ ਵਪਾਰਕ ਭਾਈਵਾਲਾਂ ਲਈ ਸਟੀਲ ਅਤੇ ਐਲੂਮੀਨਮ ‘ਤੇ ਟੈਰਿਫ਼ 25% ਤੋਂ ਵਧਾ ਕੇ 50% ਕਰ ਦਿੱਤੇ ਹਨ।

ਇੱਕ ਹੋਰ ਸੂਤਰ, ਜਿਸ ਕੋਲ ਇਸ ਸਥਿਤੀ ਬਾਰੇ ਸਿੱਧੀ ਜਾਣਕਾਰੀ ਹੈ, ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਇਹ ਸਮਾਂ ਕੈਨੇਡਾ-ਅਮਰੀਕਾ ਸੰਬੰਧਾਂ ਲਈ ਕਾਫ਼ੀ ਉਥਲ-ਪੁਥਲ ਭਰਿਆ ਹੈ, ਪਰ ਕੁੱਲ ਮਿਲਾ ਕੇ ਵਪਾਰਕ ਗੱਲਬਾਤਾਂ ਸਕਾਰਾਤਮਕ ਦਿਸ਼ਾ ਵਿੱਚ ਵਧ ਰਹੀਆਂ ਹਨ।

ਸੂਤਰ ਨੇ ਕਿਹਾ ਕਿ ਇਹ ਚਰਚਾਵਾਂ ਰਵਾਇਤੀ ਵਪਾਰਕ ਚਰਚਾ ਨਹੀਂ ਹਨ, ਜਿਵੇਂ ਕਿ ਕੈਨੇਡੀਅਨਜ਼ ਨੇ ਪਹਿਲਾਂ ਨਾਫ਼ਟਾ (North American Free Trade Agreement) ‘ਤੇ ਮੁੜ-ਗੱਲਬਾਤ ਦੌਰਾਨ ਵੇਖੀਆਂ ਸਨ, ਜਿਸ ਨੂੰ ਹੁਣ CUSMA ਕਿਹਾ ਜਾਂਦਾ ਹੈ।

CUSMA ਦੀ ਸਮੀਖਿਆ ਅਗਲੇ ਸਾਲ ਹੋਣੀ ਹੈ, ਪਰ ਦੋਹਾਂ ਪਾਸਿਆਂ — ਕੈਨੇਡਾ ਅਤੇ ਅਮਰੀਕਾ — ਦੇ ਅਧਿਕਾਰੀਆਂ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਇਹ ਪ੍ਰਕਿਰਿਆ ਇਸ ਤੋਂ ਪਹਿਲਾਂ ਵੀ ਸ਼ੁਰੂ ਕਰਨ ਲਈ ਤਿਆਰ ਹਨ।

ਵਿਆਪਕ ਵਪਾਰਕ ਚਰਚਾਵਾਂ, ਹੁਣ ਚੱਲ ਰਹੀਆਂ ਚਰਚਾਵਾਂ ਦੀ ਤੁਲਨਾ ਵਿਚ ਆਮ ਤੌਰ ‘ਤੇ ਵਧੇਰੇ ਤਕਨੀਕੀ ਹੁੰਦੀਆਂ ਹਨ।

ਟਰੰਪ ਪ੍ਰਸ਼ਾਸਨ ਨੇ ਕੈਨੇਡਾ ਸਮੇਤ ਦਰਜਨਾਂ ਦੇਸ਼ਾਂ ਨਾਲ ਆਪਣੇ ਵਪਾਰਕ ਸੰਬੰਧਾਂ ਨੂੰ ਮੁੜ-ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਇਹ ਨਵੇਂ ਨਿਯਮ ਅਮਰੀਕੀ ਕਾਮਿਆਂ ਅਤੇ ਕਾਰੋਬਾਰਾਂ ਦੇ ਹੱਕ ਵਿੱਚ ਹੋਣ।

By Rajeev Sharma

Leave a Reply

Your email address will not be published. Required fields are marked *