ਬਠਿੰਡਾ- ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੇ ਕਤਲ ਨੇ ਪੰਜਾਬ ਵਿਚ ਸਨਸਨੀ ਮਚਾ ਦਿੱਤੀ ਹੈ। ਹੁਣ ਇਸ ਦਿਲ ਦਹਿਲਾ ਦੇਣ ਵਾਲੇ ਮਾਮਲੇ ਵਿਚ ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਭੱਟੀ ਦਾ ਨਾਂ ਸਾਹਮਣੇ ਆਉਣਾ ਇਕ ਨਵੀਂ ਖਤਰੇ ਦੀ ਘੰਟੀ ਬਣ ਗਿਆ ਹੈ। ਸ਼ਹਿਜ਼ਾਦ ਭੱਟੀ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰ ਕੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ।

ਵੀਡੀਓ ਵਿਚ ਸ਼ਹਿਜ਼ਾਦ ਭੱਟੀ ਨੇ ਕਿਹਾ, ‘‘ਅੰਮ੍ਰਿਤਪਾਲ ਸਿੰਘ ਮਹਿਰੋਂ ਪੰਜਾਬ ਵਿਚ ਬਹੁਤ ਵਧੀਆ ਕੰਮ ਕਰ ਰਿਹਾ ਹੈ। ਜੇਕਰ ਉਸਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ, ਤਾਂ ਉਹ ਸਿੱਧਾ ਮੈਨੂੰ ਸੁਨੇਹਾ ਭੇਜੇ।’’ ਇੰਨਾ ਹੀ ਨਹੀਂ, ਸ਼ਹਿਜ਼ਾਦ ਨੇ ਆਪਣੇ ਬਿਆਨ ਵਿਚ ਕਿਹਾ ਕਿ ਪੰਜਾਬ ਵਿਚ ਸਿਰਫ ਕੁੜੀਆਂ ਹੀ ਨਹੀਂ ਸਗੋਂ ਮੁੰਡਿਆਂ ’ਤੇ ਵੀ ਸ਼ਿਕੰਜਾ ਕੱਸਣਾ ਜ਼ਰੂਰੀ ਹੈ। ਸੂਬੇ ਵਿਚ ਕਥਿਤ ਤੌਰ ’ਤੇ ਵੱਧ ਰਹੇ ਅਪਰਾਧਾਂ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ’ਚੋਂ ਗੰਦਗੀ ਸਾਫ ਕੀਤੀ ਜਾਵੇ।
ਪੁਲਸ ਅਲਰਟ-ਵਿਦੇਸ਼ੀ ਸਬੰਧਾਂ ਦੀ ਜਾਂਚ ਤੇਜ਼
ਇਸ ਪੂਰੀ ਘਟਨਾ ਤੋਂ ਬਾਅਦ ਪੰਜਾਬ ਪੁਲਸ ਹਰਕਤ ਵਿਚ ਆ ਗਈ ਹੈ। ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਾਕਿਸਤਾਨੀ ਡੌਨ ਨਾਲ ਸਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਈਬਰ ਸੈੱਲ ਅਤੇ ਖੁਫੀਆ ਵਿੰਗ ਨੇ ਪਾਕਿਸਤਾਨ ਤੋਂ ਇਸ ਵੀਡੀਓ ਦੇ ਸਰੋਤ ਅਤੇ ਮਾਹਿਰੋਂ ਦੇ ਸੰਪਰਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।