ਤਰਨਤਾਰਨ- ਤਰਨਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਜੋਤੀ ਸ਼ਾਹ ‘ਚ ਬੀਤੀ ਰਾਤ ਤਕਰੀਬਨ 10:30 ਵਜੇ ਦੋ ਧਿਰਾਂ ਵਿਚ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ। ਜਿਸ ਦੌਰਾਨ ਇੱਕ ਧਿਰ ਵੱਲੋਂ ਕੁਝ ਵਿਅਕਤੀਆਂ ਨੂੰ ਬਾਹਰੋਂ ਸੱਦਿਆ ਗਿਆ ਅਤੇ ਬਾਹਰੋਂ ਆਏ ਵਿਅਕਤੀ ਇਨੋਵਾ ਗੱਡੀ ‘ਤੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਗੋਲੀਆਂ ਚਲਾਈਆਂ ਗਈਆਂ। ਜਿਸ ‘ਚ ਇਕ ਗੋਲੀ ਕਿਰਨਦੀਪ ਕੌਰ ਦੇ ਜਾ ਲੱਗੀ ਜੋ ਕਿ ਤਿੰਨ ਮਹੀਨੇ ਦੀ ਗਰਭਵਤੀ ਸੀ, ਦੱਸਿਆ ਜਾ ਰਿਹਾ ਹੈ ਕਿ ਗੋਲੀ ਛਾਤੀ ਵਿੱਚ ਲੱਗੀ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗਰਭਵਤੀ ਕਿਰਨਦੀਪ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਲ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਗੋਲੀ 2 ਹੋਰ ਲੋਕਾਂ ਦੇ ਵੀ ਲੱਗੀ ਜਿਸ ‘ਚ ਇੱਕ ਗੋਲੀ ਸ਼ੇਰਾ ਸਿੰਘ ਦੇ ਸਿਰ ‘ਚ ਲੱਗੀ ਅਤੇ ਇਕ ਜੰਗਾ ਸਿੰਘ ਦੇ ਗਲੇ ਕੋਲ ਲੱਗੀ। ਜਿਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਹਨ ਅਤੇ ਗਰਭਵਤੀ ਔਰਤ ਸਮੇਤ ਦੋਵਾਂ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਕੈਦ ਹੋ ਗਈਆਂ ਹਨ।
ਚੌਂਕੀ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਖਬਰ ਮਿਲੀ ਕਿ ਦੋ ਧਿਰਾਂ ਵਿੱਚ ਝਗੜਾ ਹੋ ਰਿਹਾ ਹੈ। ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਰਵਾਨਾ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪੁਲਸ ਨੂੰ ਘਟਨਾ ਵਾਲੀ ਜਗ੍ਹਾ ਤੋਂ ਦੋ ਖਾਲੀ .32 ਬੋਰ ਦੇ ਖੋਲ ਅਤੇ ਇਕ ਜ਼ਿੰਦਾ ਰੌਂਦ ਬਰਾਮਦ ਹੋਇਆ ਹੈ। ਪੁਲਸ ਨੇ ਦੱਸਿਆ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।