ਨਿਹੰਗ ਬਾਣੇ ਵਾਲੇ ਨੌਜਵਾਨ ਵੱਲੋਂ ਦੋਵੇਂ ਗੁੱਟ ਵੱਢਣ ਵਾਲਾ ਮੁਲਜ਼ਮ 24 ਘੰਟੇ ‘ਚ ਗ੍ਰਿਫ਼ਤਾਰ

ਮੰਡੀ ਗੋਬਿੰਦਗੜ੍ਹ, 17 ਜੂਨ : ਮੰਡੀ ਗੋਬਿੰਦਗੜ੍ਹ ਪੁਲਿਸ ਨੇ ਮਾਸਟਰ ਕਲੋਨੀ ‘ਚ ਹੋਏ ਸਨਸਨੀਖੇਜ਼ ਹਮਲੇ ਦੇ ਮਾਮਲੇ ਵਿੱਚ ਸਿਰਫ਼ 24 ਘੰਟਿਆਂ ਵਿੱਚ ਕਾਰਵਾਈ ਕਰਦਿਆਂ ਨਿਹੰਗ ਬਾਣੇ ‘ਚ ਘੁੰਮਣ ਵਾਲੇ ਨੌਜਵਾਨ ਕਰਮਵੀਰ ਸਿੰਘ ਉਰਫ਼ ਲਵਲੀ ਪੁੱਤਰ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਾਮਲੇ ਦੇ ਤਫ਼ਸੀਲ ਦਿੰਦਿਆਂ ਐਸ.ਪੀ. ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਯਤਿਨ ਵਾਲੀਆ ਪੁੱਤਰ ਸੂਰਜ ਕੁਮਾਰ ਨੇ ਦੋਸ਼ ਲਾਇਆ ਸੀ ਕਿ 16 ਜੂਨ ਦੀ ਦੁਪਹਿਰ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਕਿ ਕਰਮਵੀਰ ਸਿੰਘ ਆਇਆ ਅਤੇ ਗਾਲੀ-ਗਲੋਚ ਕਰਣ ਲੱਗ ਪਿਆ। ਜਦੋਂ ਯਤਿਨ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਕਰਮਵੀਰ ਨੇ ਤਲਵਾਰ ਨਾਲ ਹਮਲਾ ਕਰ ਕੇ ਦੋਵੇਂ ਗੁੱਟ ਵੱਢ ਦਿੱਤੇ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜ਼ਖਮੀ ਹਾਲਤ ‘ਚ ਯਤਿਨ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰਨਾ ਪਿਆ।

ਐਸ.ਐਸ.ਪੀ. ਸੁਭਮ ਅਗਰਵਾਲ ਦੇ ਦਿਸ਼ਾ-ਨਿਰਦੇਸ਼ ‘ਚ ਉਪ-ਪੁਲੀਸ ਕਪਤਾਨ ਗੁਰਦੀਪ ਸਿੰਘ ਸੰਧੂ ਅਤੇ ਇੰਸਪੈਕਟਰ ਮਨਪ੍ਰੀਤ ਸਿੰਘ ਦਿਓਲ ਦੀ ਅਗਵਾਈ ਹੇਠ ਪੁਲਿਸ ਟੀਮਾਂ ਤਿਆਰ ਕੀਤੀਆਂ ਗਈਆਂ। ਸਹਾਇਕ ਥਾਣੇਦਾਰ ਰਾਜਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੇ ਸਫਲਤਾ ਨਾਲ ਕਰਮਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਐਸ.ਪੀ. ਯਾਦਵ ਨੇ ਦੱਸਿਆ ਕਿ ਕਰਮਵੀਰ ਨੇ ਪਿਛਲੇ 6 ਮਹੀਨੇ ਤੋਂ ਨਿਹੰਗ ਬਾਣਾ ਪਾ ਰੱਖਿਆ ਸੀ ਅਤੇ ਲੋਕਾਂ ਤੋਂ ਕਥਿਤ ਤੌਰ ‘ਤੇ ਫਿਰੌਤੀ ਵੱਸੂਲਣ ਦੇ ਵੀ ਦੋਸ਼ ਹਨ, ਜਿਸ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।

ਗ੍ਰਿਫ਼ਤਾਰੀ ਮਗਰੋਂ ਕਰਵਾਏ ਗਏ ਨਸ਼ਾ ਟੈਸਟ ‘ਚ ਕਰਮਵੀਰ ਪੋਜ਼ੇਟਿਵ ਆਇਆ। ਐਸ.ਪੀ. ਯਾਦਵ ਨੇ ਕਿਹਾ ਕਿ ਨਸ਼ਾ-ਸੁਦਾਗਰਾਂ ਨੂੰ ਕਿਸੇ ਵੀ ਹਾਲਤ ‘ਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ, ਤਾਂ ਸਰਕਾਰ ਵੱਲੋਂ ਮੁਫ਼ਤ ਇਲਾਜ਼ ਉਪਲਬਧ ਹੈ ਅਤੇ ਪੁਲਿਸ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ।

By Gurpreet Singh

Leave a Reply

Your email address will not be published. Required fields are marked *