ਖੈਰਾਗੜ੍ਹ- ਛੱਤੀਸਗੜ੍ਹ ਦੇ ਖੈਰਾਗੜ੍ਹ ਜ਼ਿਲ੍ਹੇ ਦੇ ਛੁਈਖਦਾਨ ਖੇਤਰ ਦੇ ਪਿੰਡ ਭੋਰਮਪੁਰ ‘ਚ ਫਰਿੱਜ ‘ਚ ਅਚਾਨਕ ਭਿਆਨਕ ਧਮਾਕਾ ਹੋਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਅਚਾਨਕ ਹੋਏ ਧਮਾਕੇ ‘ਚ ਕਿਸਾਨ ਸ਼੍ਰੀਰਾਮ ਵਰਮਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਿਲ੍ਹਾ ਹਸਪਤਾਲ ਰੈਫਰ ਕਰਨ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਅਨੁਸਾਰ ਸ਼੍ਰੀਰਾਮ ਨੇ ਰੋਜ਼ ਦੀ ਤਰ੍ਹਾਂ ਫਰਿੱਜ ਤੋਂ ਸਮੱਗਰੀ ਕੱਢਣ ਲਈ ਉਸ ਦਾ ਦਰਵਾਜ਼ਾ ਖੋਲ੍ਹਿਆ, ਉਦੋਂ ਅੰਦਰੋਂ ਤੇਜ਼ ਧਮਾਕਾ ਹੋਇਆ। ਧਮਾਕੇ ਦੀ ਤੀਬਰਤਾ ਇੰਨੀ ਵੱਧ ਸੀ ਕਿ ਕਿਸਾਨ ਦੇ ਦੋਵੇਂ ਪੈਰਾਂ ਦੇ ਮੌਕੇ ‘ਤੇ ਹੀ ਚਿਥੜੇ ਉੱਡ ਗਏ। ਸਰੀਰ ਦੇ ਹੋਰ ਹਿੱਸਿਆਂ ‘ਚ ਵੀ ਗੰਭੀਰ ਸੱਟਾਂ ਲੱਗੀਆਂ।

ਜ਼ਖ਼ਮੀ ਸ਼੍ਰੀਰਾਮ ਨੂੰ ਤੁਰੰਤ ਭਾਈਚਾਰਕ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਰਾਜਨਾਂਦਗਾਂਵ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਜ਼ਿਆਦਾ ਖੂਨ ਵਗਣ ਅਤੇ ਅੰਦਰੂਨੀ ਸੱਟਾਂ ਕਾਰਨ ਸ਼੍ਰੀਰਾਮ ਨੇ ਜ਼ਿਲ੍ਹਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ‘ਚ ਦਮ ਤੋੜ ਦਿੱਤਾ। ਧਮਾਕੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਤਕਨੀਕੀ ਮਾਹਿਰਾਂ ਅਨੁਸਾਰ ਤਾਂ ਅਜਿਹਾ ਵਿਸਫ਼ੋਟ ਕੰਪ੍ਰੈਸ਼ਰ ਫੇਲ, ਗੈਸ ਲੀਕ ਜਾਂ ਓਵਰਲੋਡ ਇਲਕੈਟ੍ਰਿਕ ਸਰਕਿਟ ਕਾਰਨ ਹੋ ਸਕਦਾ ਹੈ। ਰਿਪੋਰਟ ਤੋਂ ਬਾਅਦ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਵੇਗੀ।