ਨੈਸ਼ਨਲ ਟਾਈਮਜ਼ ਬਿਊਰੋ :- ਆਪ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਆਗੂਆਂ ਨੇ 2027 ਦੀ ਆਮ ਚੋਣ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਪ੍ਰਚਾਰ -ਜ਼ਿਮਨੀ ਚੋਣ ’ਚ ਮੁਕਾਬਲਾ 4 ਕੋਨਾ ਰਹਿਣ ਦੀ ਆਸ, ਪਾਰਟੀਆਂ ਆਪਣਾ ਵੋਟ ਬੈਂਕ ਬਚਾਉਣ ਲਈ ਤੱਤਪਰ ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਅੱਜ ਸਮਾਪਤ ਹੋ ਗਿਆ ਹੈ।ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨੇ ਲੋਕ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਨਿੱਜੀ ਹਮਲੇ ਕਰਨ ਨੂੰ ਜਿਆਦਾ ਤਰਜੀਹ ਦਿੱਤੀ। ਹਲਕਾ ਲੁਧਿਆਣਾ ਪੱਛਮੀ ਵਿੱਚ ਮੁਕਾਬਲਾ ਬੜਾ ਹੀ ਦਿਲਚਸਪ ਬਣਿਆ ਹੋਇਆ ਹੈ। ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਸ੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਜ਼ਿਮਨੀ ਚੋਣ 2027 ਦੀ ਆਮ ਵਿਧਾਨ ਸਭਾ ਚੋਣ ਨੂੰ ਮੱਦੇਨਜ਼ਰ ਰੱਖ ਕੇ ਲੜੀ ਤੇ ਪ੍ਰਚਾਰ ਕੀਤਾ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦਰਮਿਆਨ ਚਾਰ ਕੋਨਾ ਮੁਕਾਬਲਾ ਹੋਣ ਦੀ ਆਸ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੀ ਜਿੱਤ ਯਕੀਨ ਲੱਗ ਰਹੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ,ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਮੰਤਰੀ,ਚੇਅਰਮੈਨ ਤੇ ਹੋਰ ਆਗੂਆਂ ਨੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਪ੍ਰਚਾਰ ਕੀਤਾ,ਜਿਸ ਦੌਰਾਨ ਆਪ ਉਮੀਦਵਾਰ ਸੰਜੀਵ ਅਰੋੜਾ ਨੇ ਆਪ ਭਾਵੇਂ ਵਿਕਾਸ ਕਾਰਜਾਂ ਦੀ ਗੱਲ ਕੀਤੀ ਅਤੇ ਕਈ ਸਾਲਾਂ ਤੋਂ ਲਟਕੇ ਮਸਲੇ ਹੱਲ ਕਰਵਾਉਣ ਦੀ ਗੱਲ ਆਖੀ। ਉੱਥੇ ਪਾਰਟੀ ਦੇ ਬਾਕੀ ਆਗੂਆਂ ਨੇ ਸਿਰਫ਼ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਗੱਸੇ ਤੇ ਹੰਕਾਰ ਨੂੰ ਚੋਣ ਮੁੱਦਾ ਬਣਾਇਆ। ਹੋਰ ਤਾਂ ਹੋਰ ਵਿਰੋਧੀਆਂ ਨੇ ਆਸ਼ੂ ਦੇ ਕਈ ਕਿਸਮ ਦੇ ਵੀਡੀਓ ਕਲਿੱਪ ਤੇ ਪੋਸਟਰ ਬਣਾ ਕੇ ਉਨ੍ਹਾਂ ਵੱਲੋਂ ਮੰਤਰੀ ਰਹਿੰਦਿਆਂ ਵਰਤੀ ਗਈ ਸ਼ਬਦਾਵਲੀ ਦਾ ਜ਼ਿਕਰ ਕੀਤਾ ਗਿਆ। ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੌਰਾਨ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਚੋਣ ਲੜਾਉਣ ਪਿੱਛੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਵਿੱਚ ਭੇਜਣ ਦਾ ਦੋਸ਼ ਲਾਇਆ ਅਤੇ ਚੋਣ ਪ੍ਰਚਾਰ ਦੌਰਾਨ ਗੈਰ ਪੰਜਾਬੀਆਂ ਨੂੰ ਸਰਕਾਰ ਤੇ ਪਾਰਟੀ ਵਿੱਚ ਆਹੁਦੇ ਦੇਣ ਦਾ ਮੁੱਦਾ ਵੀ ਭਾਰੂ ਰਿਹਾ। ਆਪਣੀ ਗੁੱਟਬਾਜ਼ੀ ਦਾ ਸ਼ਿਕਾਰ ਕਾਂਗਰਸ ਦਾ ਸਾਰਾ ਜ਼ੋਰ ਆਪਣੇ ਵੋਟ ਬੈਂਕ ਨੂੰ ਬਚਾ ਕੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰਨ ਵਾਲੇ ਪਾਸੇ ਲੱਗਿਆ ਹੋਇਆ ਹੈ। ਪਾਰਟੀ ਜ਼ਿਮਨੀ ਚੋਣ ਦੇ ਨਤੀਜੇ ਵਿੱਚ 2027 ਵਿੱਚ ਪੰਜਾਬ ਅੰਦਰ ਬਣਨ ਵਾਲੀ ਸਰਕਾਰ ਦਾ ਰਾਹ ਦੇਖ ਰਹੀ ਹੈ। ਭਾਜਪਾ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਵਿੱਚ ਪੁਰਾਣੇ ਵਰਕਰ ਜੀਵਨ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ 2022 ਅਤੇ 2024 ਵਿੱਚ ਪਈਆਂ ਵੋਟਾਂ ਨੂੰ ਜਿਉਂ ਦਾ ਤਿਉਂ ਕਾਇਮ ਰੱਖਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। 2024 ਦੀ ਲੋਕ ਸਭਾ ਚੋਣ ਵਿੱਚ ਭਾਜਪਾ ਲੁਧਿਆਣਾ ਪੱਛਮੀ ਹਲਕੇ ਤੋਂ 15 ਹਜ਼ਾਰ ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ ਸੀ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 11 ਸਾਲ ਦੇ ਬੇਮਿਸਾਲ ਕਾਰਜਕਾਲ ਅਤੇ ਪੰਜਾਬ ਦੀ ਆਪ ਸਰਕਾਰ ਦੀ ਹਰ ਮੁੱਦੇ ’ਤੇ ਨਾਕਾਮਯਾਬੀ ਨੂੰ ਮੁੱਦਾ ਬਣਾ ਕੇ ਚੋਣ ਲੜ ਰਹੀ ਹੈ। ਭਾਜਪਾ ਨੂੰ ਉਮੀਦ ਹੈ ਕਿ ਉਸ ਦਾ ਉਮੀਦਵਾਰ ਜਿੱਤ ਪ੍ਰਾਪਤ ਕਰਕੇ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਦਾ ਕੰਮ ਕਰੇਗਾ। 2022 ਦੀ ਵਿਧਾਨ ਸਭਾ ਤੇ 2024 ਦੀ ਲੋਕ ਸਭਾ ਚੋਣਾਂ ਵਿੱਚ ਨਤੀਜਾ ਅਕਾਲੀ ਦਲ ਦੇ ਪੱਖ ਵਿੱਚ ਨਹੀਂ ਰਿਹਾ ਸੀ। ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ ਜਿਤਾਉਣ ਲਈ ਆਪਣੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਅਤੇ ਪ੍ਰਚਾਰ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡੀ। ਅਕਾਲੀ ਦਲ ਦੇ ਉਮੀਦਵਾਰ ਘੁੰਮਣ ਨੇ ਆਪਣੇ ਪ੍ਰਚਾਰ ਦੌਰਾਨ ਪੰਜਾਬ ਦੀ ਆਪ ਸਰਕਾਰ ਦੀ ਨਕਾਮੀ ਨੂੰ ਹੀ ਮੁੱਦਾ ਬਣਾਇਆ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ : ਚੋਣ ਪ੍ਰਚਾਰ ਦੌਰਾਨ ਮੁੱਦਿਆਂ ਦੀ ਬਜਾਏ ਨਿੱਜੀ ਹਮਲੇ ਰਹੇ ਭਾਰੂ
