ਨੈਸ਼ਨਲ ਟਾਈਮਜ਼ ਬਿਊਰੋ :- ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਵਿਦੇਸ਼ੀ ਨਾਗਰਿਕ ਵਲੋਂ ਚਲਾਏ ਜਾ ਰਹੇ ਕੋਕੇਨ ਅਤੇ ਹੈਰੋਇਨ ਆਧਾਰਤ ਪਾਰਟੀ ਡਰੱਗ ਰੈਕੇਟ ਦਾ ਭੰਡਾ ਫੋੜਿਆ ਗਿਆ ਹੈ। ਪੁਲਿਸ ਨੇ ਨਾਈਜੀਰੀਅਨ ਸਪਲਾਇਰ ਨੂੰ ਦੋ ਅੰਮ੍ਰਿਤਸਰ ਅਧਾਰਤ ਡਿਸਟ੍ਰੀਬਿਊਟਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ 112 ਗ੍ਰਾਮ ਕੋਕੇਨ, ਇੱਕ ਕਿਲੋ ਹੈਰੋਇਨ, ਇੱਕ ਪਿਸਤੌਲ ਅਤੇ 8.10 ਲੱਖ ਰੁਪਏ ਹਵਾਲਾ ਡਰੱਗ ਮਨੀ ਬਰਾਮਦ ਕੀਤੀ ਗਈ।
ਮੁਕਦਮਾ ਨੰਬਰ 116/25 (ਥਾਣਾ ਛਾਉਣੀ, ਅੰਮ੍ਰਿਤਸਰ)
ਇਸ ਮੁਕਦਮੇ ਵਿੱਚ ਕੋਲਿਨਜ਼ (ਨਾਈਜੀਰੀਆ ਨਿਵਾਸੀ, ਹੁਣ ਮਰੋਲੀ ਦਿੱਲੀ), ਇਸ਼ਪ੍ਰੀਤ ਸਿੰਘ ਉਰਫ਼ ਹਰਸ਼, ਅਤੇ ਅਖਲੇਸ਼ ਵਿਜ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੋਲਿਨਜ਼ ਨੇ ਭਾਰਤ ਵਿੱਚ ਬਿਨਾਂ ਦਸਤਾਵੇਜ਼ ਰਹਿੰਦੇ ਹੋਏ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸ਼ੁਰੂਆਤ ਕੀਤੀ ਸੀ। ਉਹ ਵ੍ਹਟਸਐਪ ਰਾਹੀਂ ਅੰਮ੍ਰਿਤਸਰ ਅਧਾਰਤ ਨੈੱਟਵਰਕ ਨਾਲ ਸੰਪਰਕ ਕਰਦਾ ਸੀ ਤੇ ਉੱਚ ਵਰਗ ਦੇ ਗਾਹਕਾਂ ਨੂੰ 20,000 ਰੁਪਏ ਪ੍ਰਤੀ ਗ੍ਰਾਮ ਦੀ ਦਰ ‘ਤੇ ਕੋਕੇਨ ਵੇਚਦਾ ਸੀ।
ਮੁਕਦਮਾ ਨੰਬਰ 90/25 (ਥਾਣਾ ਸਦਰ, ਅੰਮ੍ਰਿਤਸਰ)
ਇਸ ਕੇਸ ਵਿੱਚ ਗੁਰਪ੍ਰੀਤ ਸਿੰਘ, ਰਵੀ ਕੁਮਾਰ ਉਰਫ਼ ਜੱਗੂ ਅਤੇ ਸ਼ਾਮ ਸਿੰਘ ਉਰਫ਼ ਰਾਹੁਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਵੀ ਕੁਮਾਰ ਦੇ ਸਿੱਧੇ ਸਰਹੱਦ ਪਾਰ ਪਾਕਿਸਤਾਨੀ ਤਸਕਰਾਂ ਨਾਲ ਸੰਬੰਧ ਸਨ। ਉਹ ਅਤੇ ਸ਼ਾਮ ਸਿੰਘ ਨਿਰਧਾਰਤ ਪਿਕਅੱਪ ਸਥਾਨਾਂ ਤੋਂ ਹੈਰੋਇਨ ਲਿਆਉਂਦੇ ਸਨ। ਗੁਰਪ੍ਰੀਤ ਸਿੰਘ, ਜੋ ਆਪਣੇ ਪਿੰਡ ਵਿੱਚ ਮੀਟ ਦੀ ਰੇਹੜੀ ਚਲਾਉਂਦਾ ਹੈ, ਹਵਾਲਾ ਰਾਹੀਂ ਨਸ਼ੇ ਦੀ ਰਕਮ ਸੰਚਾਲਿਤ ਕਰਦਾ ਸੀ। 8.10 ਲੱਖ ਰੁਪਏ ਉਸ ਕੋਲੋਂ ਹਵਾਲਾ ਡਰੱਗ ਮਨੀ ਰੂਪ ਵਿੱਚ ਬਰਾਮਦ ਕੀਤੇ ਗਏ।
ਤਫਤੀਸ਼ੀ ਕਾਰਵਾਈ ਦੀ ਅਗਵਾਈ
ਇਹ ਦੋਨੋਂ ਮੁਕਦਮੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐੱਸ.), ਡੀਸੀਪੀ ਰਵਿੰਦਰਪਾਲ ਸਿੰਘ, ਏਡੀਸੀਪੀ ਜਗਬਿੰਦਰ ਸਿੰਘ ਅਤੇ ਏਸੀਪੀ ਯਾਦਵਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਅਮੋਲਕਦੀਪ ਸਿੰਘ ਅਤੇ ਸੀਆਈਏ ਸਟਾਫ-1 ਦੀ ਟੀਮ ਵੱਲੋਂ ਕੀਤੇ ਗਏ। ਇਹ ਸਾਰੀ ਕਾਰਵਾਈ ਇੱਕ ਵਿਅਪਕ ਨਸ਼ਾ ਤੇ ਹਵਾਲਾ ਗਿਰੋਹ ਦੀ ਜੜਾਂ ਨੂੰ ਉਖਾੜਣ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ।