ਜਲੰਧਰ – ਜੰਮੂ-ਕਸ਼ਮੀਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਤੋਂ ਇਨਕਾਰ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਦਾ ਕਹਿਣਾ ਹੈ ਕਿ ਪਾਣੀ ਦੀ ਵੰਡ ਵਿਚ ਪੰਜਾਬ ਨਾਲ ਹਮੇਸ਼ਾ ਬੇਇਨਸਾਫ਼ੀ ਹੋਈ ਹੈ। ਜੰਗ ਦੇ ਸਮੇਂ ਸਭ ਤੋਂ ਵਧ ਨੁਕਸਾਨ ਪੰਜਾਬ ਨੂੰ ਹੁੰਦਾ ਹੈ। ਦਲਜੀਤ ਚੀਮਾ ਨੇ ਕਿਹਾ ਕਿ ਪਾਣੀਆਂ ਦੇ ਇਤਿਹਾਸ ‘ਤੇ ਨਜ਼ਰ ਮਾਰੀ ਜਾਵੇ ਤਾਂ ਸਭ ਤੋਂ ਵੱਧ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਨਾਲ ਬੇਇਨਸਾਫ਼ੀ ਹੋਈ ਹੈ। ਜੇਕਰ ਇਕ ਸਟੇਟ ਕਹਿਣ ਲੱਗ ਜਾਵੇ ਕਿ ਸਾਨੂੰ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤਾਂ ਮੈਂ ਸਮਝਦਾ ਹਾਂ ਕਿ ਇਹ ਕਿਸੇ ਪਾਸੋਂ ਵਾਜਿਬ ਨਹੀਂ ਹੈ।
ਉਨ੍ਹਾਂ ਪਾਕਿ ਨਾਲ ਭਾਰਤ ਵਿਚਾਲੇ ਹੋਈ ਜੰਗ ਨੂੰ ਦੋਹਰਾਉਂਦੇ ਉਨ੍ਹਾਂ ਕਿਹਾ ਕਿ ਜੰਗ ਦੌਰਾਨ ਵੀ ਪੰਜਾਬ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ। ਉਮਰ ਅਬਦੁੱਲਾ ਵੱਲੋਂ ਦਿੱਤਾ ਗਿਆ ਬਿਆਨ ਬੇਹੱਦ ਗੈਰ-ਵਾਜਿਬ ਹੈ। ਇਸੇ ਕਰਕੇ ਗੈਰ-ਵਾਜਿਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਥੇ ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਪਾਣੀ ‘ਤੇ ਪਹਿਲਾਂ ਸਾਡਾ ਹੱਕ ਹੈ। ਪਹਿਲਾਂ ਸਾਡਾ ਪਾਣੀ ਸਾਨੂੰ ਵਰਤਣ ਦਿੱਤਾ ਜਾਵੇ ਫਿਰ ਪੰਜਾਬ ਬਾਰੇ ਵੇਖਾਂਗੇ। ਮੈਂ ਪੰਜਾਬ ਕੋਲ ਪਾਣੀ ਕਿਉਂ ਭੇਜਾ ਪੰਜਾਬ ਕੋਲ ਪਹਿਲਾਂ ਹੀ ਪਾਣੀ ਬਹੁਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਤਿੰਨ ਦਰਿਆ ਹੋਣ ਦੇ ਬਾਵਜੂਦ ਪੰਜਾਬ ਵੱਲੋਂ ਸਾਨੂੰ ਕੋਈ ਪਾਣੀ ਨਹੀਂ ਦਿੱਤਾ ਗਿਆ। ਪਹਿਲਾਂ ਅਸੀਂ ਪਾਣੀ ਵਰਤਾਂਗੇ ਫਿਰ ਹੋਰਾਂ ਨੂੰ ਪਾਣੀ ਦੇਵਾਂਗੇ। ਉਮਰ ਅਬਦੁੱਲਾ ਵੱਲੋਂ ਦਿੱਤੇ ਗਏ ਬਿਆਨ ‘ਤੇ ਮੁੜ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ।