ਨੈਸ਼ਨਲ ਟਾਈਮਜ਼ ਬਿਊਰੋ :- ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸਟੱਡੀ ਟੂਰ ’ਤੇ ਭੇਜਣ ਲਈ ਪ੍ਰਸਤਾਵ ਤਿਆਰ ਕਰਨ ਦਾ ਹੁਕਮ ਦਿੱਤਾ ਹੈ। ਉਹ ਸ਼ੁੱਕਰਵਾਰ ਨੂੰ ਇੱਥੇ ਪੰਜਾਬ ਰਾਜ ਰੋਡ ਐਂਡ ਬ੍ਰਿਜਸ ਡਿਵੈੱਲਪਮੈਂਟ ਬੋਰਡ (ਪੀ. ਆਰ. ਬੀ. ਡੀ. ਬੀ.) ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੂੰ ਟਿਕਾਊ ਕਿਸਮ ਦੀਆਂ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ ਸਬੰਧੀ ਵਿੱਦਿਅਕ ਟੂਰ ’ਤੇ ਭੇਜਣ ਲਈ ਪ੍ਰਸਤਾਵ ਤਿਆਰ ਕੀਤਾ ਜਾਵੇ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਵਿਦੇਸ਼ੀ ਮੁਲਕਾਂ ’ਚ ਭੇਜਿਆ ਜਾਵੇ, ਜੋ ਕਿ ਸੜਕ ਨਿਰਮਾਣ, ਰੱਖ-ਰਖਾਅ ਤੇ ਸੜਕ ਸੁਰੱਖਿਆ ਦੇ ਮਾਮਲੇ ’ਚ ਮੋਹਰੀ ਹਨ।
ਮੀਟਿੰਗ ਦੌਰਾਨ ਉਨ੍ਹਾਂ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 30 ਜੂਨ ਤੱਕ ਰਾਜ ਮਾਰਗਾਂ ਤੋਂ ਪਟਰੋਲ ਪੰਪਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਪਹੁੰਚ ਮਾਰਗ ਦੀ ਸੇਵਾ ਲਈ ਬਣਦੀ ਸਰਕਾਰੀ ਫੀਸਾਂ ਦੀ ਪ੍ਰਾਪਤੀ ਬਾਰੇ ਰਿਪੋਰਟ ਪੇਸ਼ ਕਰਨ। ਇਸ ਦੌਰਾਨ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸੂਬੇ ਦੀਆਂ ਸੜਕਾਂ ਤੇ ਪਛਾਣੇ ਗਏ ਬਲੈਕ ਸਪੋਟਸ ਨੂੰ ਦਰੁੱਸਤ ਕਰਨ ਲਈ ਕਾਰਜ ’ਚ ਤੇਜ਼ੀ ਲਿਆਂਦੀ ਜਾਵੇ । ਇਸ ਸਬੰਧੀ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਨਾਲ ਵੀ ਤਾਲਮੇਲ ਕੀਤਾ ਜਾਵੇ।
