ਨੈਸ਼ਨਲ ਟਾਈਮਜ਼ ਬਿਊਰੋ :- ਇਜ਼ਰਾਈਲ-ਈਰਾਨ ਟਕਰਾਅ ਦੌਰਾਨ ਭਾਰਤੀ ਨਾਗਰਿਕਾਂ ਨੂੰ ਓਥੋਂ ਸੁਰੱਖਿਅਤ ਕੱਢਣ ਲਈ ਚੱਲ ਰਹੇ ਮਿਸ਼ਨ, ਆਪ੍ਰੇਸ਼ਨ ਸਿੰਧੂ ਦੇ ਹਿੱਸੇ ਵਜੋਂ, ਈਰਾਨ ਤੋਂ ਇੱਕ ਵਿਸ਼ੇਸ਼ ਉਡਾਣ ਅੱਜ ਤੜਕੇ ਦਿੱਲੀ ਪਹੁੰਚੀ ਈਰਾਨ ਤੋਂ ਆਏ ਭਾਰਤੀ ਨਾਗਰਿਕਾਂ ਨੇ ਸੁਰੱਖਿਅਤ ਭਾਰਤ ਵਾਪਸ ਆਉਣ ‘ਤੇ ਆਪਣੀ ਖੁਸ਼ੀ ਜ਼ਾਹਰ ਕਰਨ ਲਈ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ। ਤੁਰਕਮੇਨਿਸਤਾਨ ਦੇ ਅਸ਼ਗਾਬਤ ਤੋਂ ਇੱਕ ਵਿਸ਼ੇਸ਼ ਨਿਕਾਸੀ ਉਡਾਣ ਅੱਜ ਸਵੇਰੇ 3 ਵਜੇ ਨਵੀਂ ਦਿੱਲੀ ਪਹੁੰਚੀ।
ਇਸ ਦੇ ਨਾਲ ਹੀ ਹੁਣ ਤੱਕ 517 ਭਾਰਤੀ ਨਾਗਰਿਕ ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ ਭਾਰਤ ਪਰਤ ਆਏ ਹਨ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਸ਼ੁੱਕਰਵਾਰ ਦੇਰ ਰਾਤ ਵੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 290 ਭਾਰਤੀਆਂ ਨੂੰ ਲੈ ਕੇ ਇਕ ਉਡਾਣ ਉਤਰੀ ਸੀ। ਇਹ ਉਡਾਣ ਭਾਰਤੀ ਸਮੇਂ ਅਨੁਸਾਰ ਰਾਤ 11:30 ਵਜੇ ਪਹੁੰਚੀ ਅਤੇ ਸਕੱਤਰ (ਸੀਪੀਵੀ ਅਤੇ ਓਆਈਏ) ਅਰੁਣ ਕੁਮਾਰ ਚੈਟਰਜੀ ਨੇ ਉਸਦਾ ਸਵਾਗਤ ਕੀਤਾ।
ਇਕ X ਪੋਸਟ ਵਿੱਚ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, “ਆਪ੍ਰੇਸ਼ਨ ਸਿੰਧੂ ਫਲਾਈਟ ਨੇ ਨਾਗਰਿਕਾਂ ਨੂੰ ਘਰ ਲੈ ਆਈ ਹੈ। 290 ਭਾਰਤੀ ਨਾਗਰਿਕਾਂ, ਜਿਨ੍ਹਾਂ ਵਿੱਚ ਵਿਦਿਆਰਥੀ ਅਤੇ ਧਾਰਮਿਕ ਸ਼ਰਧਾਲੂ ਸ਼ਾਮਲ ਹਨ, ਨੂੰ ਚਾਰਟਰ ਫਲਾਈਟ ਰਾਹੀਂ ਈਰਾਨ ਤੋਂ ਬਾਹਰ ਕੱਢਿਆ ਗਿਆ।” ਉਨ੍ਹਾਂ ਕਿਹਾ, “ਭਾਰਤ ਸਰਕਾਰ ਇਰਾਨ ਸਰਕਾਰ ਦੀ ਨਿਕਾਸੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਧੰਨਵਾਦੀ ਹੈ।”
